ਲਹਿਰਾਗਾਗਾ, 24 ਫਰਵਰੀ (ਅਸ਼ੋਕ ਗਰਗ) - ਨੇੜਲੇ ਪਿੰਡ ਸੰਗਤਪੁਰਾ ਦੀ ਅਨਾਜ ਮੰਡੀ ਕੋਲ ਇੱਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਪਿਆਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 13 ਲਹਿਰਾਗਾਗਾ ਜੋ ਜੁਗਾੜੂ ਮੋਟਰਸਾਈਕਲ ਰੇਹੜੀ ਦੇ ਪਿੱਛੇ ਬੈਠ ਕੇ ਪਿੰਡ ਸੰਗਤਪੁਰਾ ਵੱਲ ਜਾ ਰਿਹਾ ਸੀ | ਦੱਸਿਆ ਜਾਂਦਾ ਹੈ ਕਿ ਇਹ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਦਾ ਸੀ ਅਤੇ ਸੰਗਤਪੁਰਾ ਵਿਖੇ ਕਿਸੇ ਇਮਾਰਤ ਦਾ ਕੰਮ ਚਲਾ ਰੱਖਿਆ ਸੀ | ਉਸ ਸਮੇਂ ਸੰਗਤਪੁਰਾ ਵਾਲੇ ਪਾਸੋਂ ਆਉਂਦੇ ਟਰੈਕਟਰ-ਟਰਾਲੀ ਦੀ ਮੋਟਰਸਾਈਕਲ ਜੁਗਾੜੂ ਰੇਹੜੀ ਨਾਲ ਟੱਕਰ ਹੋ ਗਈ | ਜਿਸ ਕਾਰਨ ਗੁਰਪਿਆਰ ਸਿੰਘ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ | ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਟਰੈਕਟਰ ਟਰਾਲੀ ਚਾਲਕ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਹਨ, ਪਰਿਵਾਰ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ਼ ਦੀ ਮੰਗ ਨੂੰ ਲੈ ਕੇ ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਘੱਗਰ ਬਰਾਂਚ ਨਹਿਰ ਉੱਤੇ ਜਾਮ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਖ਼ਬਰ ਲਿਖੇ ਜਾਣ ਤੱਕ ਨਾਅਰੇਬਾਜ਼ੀ ਅਤੇ ਧਰਨਾ ਜਾਰੀ ਸੀ | ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਪਰਿਵਾਰ ਦਾ ਡਟ ਕੇ ਸਾਥ ਦਿੱਤਾ | ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਣ ਦੀ ਅਜੇ ਤੱਕ ਖ਼ਬਰ ਲਿਖੇ ਜਾਣ ਤੱਕ ਪੁਸ਼ਟੀ ਨਹੀਂ ਹੋਈ | ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਵਿਚ ਗੱਲਬਾਤ ਚੱਲ ਰਹੀ ਹੈ ਜਲਦੀ ਹੀ ਧਰਨਾ ਸਮਾਪਤ ਕਰਵਾ ਦਿੱਤਾ ਜਾਵੇਗਾ | ਪੁਲਿਸ ਨੇ ਦੱਸਿਆ ਹੈ ਕਿ ਮਿ੍ਤਕ ਗੁਰਪਿਆਰ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਮੂਨਕ ਵਿਖੇ ਰੱਖੀ ਗਈ ਹੈ | ਪਰਿਵਾਰ ਦੇ ਬਿਆਨਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਜਾਵੇਗਾ |