ਧਨੌਲਾ, 8 ਮਾਰਚ (ਜਤਿੰਦਰ ਸਿੰਘ ਧਨੌਲਾ)-ਮਾਤਾ ਸੀਤਲਾ ਜੀ ਦੀ ਯਾਦ ਵਿਚ ਸਾਲਾਨਾ ਵਿਸ਼ਾਲ ਮੇਲਾ ਇਲਾਕੇ ਦੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਕਾਲੇਕੇ ਵਿਖੇ 9 ਮਾਰਚ ਤੋਂ 11 ਮਾਰਚ ਤੱਕ ਲਗਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੁੱਜ ਕੇ ਨਤਮਸਤਕ ਹੁੰਦੇ ਹਨ | ਸਾਰਾ ਪਿੰਡ ਸੱਤ ਦਿਨ ਪਹਿਲਾਂ ਤੋਂ ਮੇਲੇ ਦੇ ਰੂਪ ਵਿਚ ਹੀ ਰੰਗਿਆ ਜਾਂਦਾ ਹੈ | ਹਰ ਗਲੀ ਮੁਹੱਲੇ ਵਿਚ ਸਟਾਲਾਂ ਲੱਗੀਆਂ ਹੁੰਦੀਆਂ ਹਨ | ਹੋਰ ਖੇਡਾਂ ਦੇ ਸਾਜ਼ ਸਮਾਨ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੇ ਪਕੌੜੇ ਬਣਾਉਣ ਵਾਲੇ ਦੁਕਾਨਦਾਰ ਵੀ ਵੱਡੀ ਗਿਣਤੀ ਵਿਚ ਪੁੱਜੇ ਹੁੰਦੇ ਹਨ | ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀ ਕਲੱਬਾਂ ਵਲੋਂ ਵੀ ਅਤੁੱਟ ਲੰਗਰ ਲਗਾਏ ਜਾਂਦੇ ਹਨ | ਸਥਿਤੀ ਇਸ ਕਦਰ ਭੀੜ ਭੜੱਕੇਵਾਲੀ ਬਣ ਜਾਂਦੀ ਹੈ ਕਿ ਮੇਲੇ ਤੋਂ ਦੋ ਦਿਨ ਪਹਿਲਾਂ ਤਾਂ ਸਾਰੀ ਟਰੈਫ਼ਿਕ ਮੁੱਖ ਮਾਰਗ ਤੋਂ ਬਾਹਰ ਹੀ ਰੋਕ ਦਿੱਤੀ ਜਾਂਦੀ ਹੈ ਅਤੇ ਸ਼ਰਧਾਲੂ ਡੇਢ ਕਿੱਲੋਮੀਟਰ ਦਾ ਪੈਂਡਾ ਤੈਅ ਕਰ ਕੇ ਪਿੰਡ ਅੰਦਰ ਬਣੇ ਵੱਖ-ਵੱਖ ਦੋ ਮੰਦਰਾਂ ਵਿਚ ਮੱਥਾ ਟੇਕਦੇ ਹਨ | ਕਾਕਾ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਵੀ ਬੜੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ |