ਮਲੇਰਕੋਟਲਾ, 27 ਮਾਰਚ (ਮਨਜਿੰਦਰ ਸਿੰਘ ਸਰੌਦ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਆਖਿਆ ਕਿ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਮੂਹ ਅਕਾਲੀ ਧੜਿਆਂ ਨੂੰ ਇੱਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਪੰਥਕ ਏਕਤਾ ਲਈ ਅਗਲੀ ਰੂਪਰੇਖਾ ਉਲੀਕਦਿਆਂ ਹੋਇਆਂ ਕੌਮੀ ਹਿਤਾਂ ਦੇ ਖਾਤਰ ਅੱਗੇ ਆਉਣਾ ਚਾਹੀਦਾ ਹੈ | ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂ ਤੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਨੇ ਆਖਿਆ ਕਿ ਪੰਥਕ ਹਿਤਾਂ ਨੂੰ ਵੇਖਦੇ ਹੋਏ ਅੱਜ ਸਾਰੇ ਅਕਾਲੀ ਧੜਿਆਂ ਨੂੰ ਆਪੋ ਆਪਣੀਆਂ ਧਿਰਾਂ ਦਾ ਤਿਆਗ ਕਰਦੇ ਹੋਏ ਇੱਕ ਝੰਡੇ ਥੱਲੇ ਇਕੱਠੇ ਹੋ ਜਾਣਾ ਚਾਹੀਦਾ ਹੈ | ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਜ਼ਿਲ੍ਹਾ ਮਲੇਰਕੋਟਲਾ ਸਣੇ ਬਾਕੀ ਪੰਜਾਬ ਦੇ ਵਿੱਚ ਬੀਤੇ ਸਮੇਂ ਸੰਪੰਨ ਹੋਈਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ | ਪ੍ਰੰਤੂ ਜਦ ਪੰਥਕ ਸ਼ਕਤੀ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋ ਜਾਂਦਾ ਹੈ | ਜਥੇਦਾਰ ਸੇਹਕੇ ਨੇ ਕਿਹਾ ਕਿ ਅਕਾਲੀ ਦਲ ਦਾ ਕਾਡਰ ਅੱਜ ਵੀ ਜ਼ਮੀਨੀ ਪੱਧਰ 'ਤੇ ਮੌਜੂਦ ਹੋਣ ਕਾਰਨ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ | ਅਕਾਲੀ ਆਗੂ ਨੇ ਆਖਿਆ ਕਿ ਅਗਲੇ ਕੁਝ ਸਮੇਂ ਨੂੰ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਜਿਸ ਨੂੰ ਵੇਖਦੇ ਹੋਏ ਜੇਕਰ ਸਾਰੇ ਅਕਾਲੀ ਧੜੇ੍ਹ ਇਕੱਠੇ ਹੋ ਜਾਣ ਤਾਂ ਪੰਜਾਬ ਦੇ ਅੰਦਰ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾ ਸਕਦਾ ਹੈ | ਪੰਥਕ ਏਕਤਾ ਦੇ ਨਾਲ ਹੀ ਹਲਕਾ ਅਮਰਗੜ੍ਹ ਦੇ ਅੰਦਰ ਪਾਰਟੀ ਵੱਲੋਂ ਇੰਚਾਰਜ ਲਗਾਉਣ ਦੀ ਮੰਗ ਵੀ ਕੀਤੀ | ਜਥੇਦਾਰ ਸੇਹਕੇ ਨੇ ਆਖਿਆ ਕਿ ਜਦ ਵੀ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਰਾਜਭਾਗ ਰਿਹਾ ਤਾਂ ਪੰਜਾਬ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ ਤੇ ਪੰਥਕ ਮੁੱਦਿਆਂ ਦੀ ਗੱਲ ਕੀਤੀ ਗਈ |