ਸੁਨਾਮ ਊਧਮ ਸਿੰਘ ਵਾਲਾ, 27 ਮਾਰਚ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ 29 ਮਾਰਚ ਨੂੰ ਮਾਤਾ ਮੋਦੀ ਚੌਂਕ ਸੁਨਾਮ ਨੇੜੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਖ਼ਿਲਾਫ਼ ਵਿਸ਼ਾਲ ਰੋਸ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦੇ ਹੋਏ ਬਲਾਕ ਸੁਨਾਮ ਦੇ ਪ੍ਰਧਾਨ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਰੈਲੀ ਸ਼ਹੀਦ ਊਧਮ ਸਿੰਘ ਦੀ ਪਵਿੱਤਰ ਧਰਤੀ ਸੁਨਾਮ 'ਤੇ ਹੋਣ ਜਾ ਰਹੀ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਮੈਡੀਕਲ ਪ੍ਰੈਕਟੀਸ਼ਨਰ ਡਾਕਟਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਪੜ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਮਾਨਸਾ ਤੋਂ ਡਾਕਟਰ ਇਸ ਰੈਲੀ ਵਿਚ ਪਹੁੰਚ ਰਹੇ ਹਨ, ਜਦੋਂ ਕਿ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਬਰਨਾਲਾ ਵਲੋਂ ਭਾਰੀ ਗਿਣਤੀ ਵਿਚ ਹਾਜ਼ਰੀ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਨਾਲ ਮੀਤ ਪ੍ਰਧਾਨ ਡਾ. ਦੀਦਾਰ , ਖ਼ਜ਼ਾਨਚੀ ਡਾ. ਰਾਜੇਸ਼ ਗੋਇਲ, ਸੈਕਟਰੀ ਡਾ. ਹਰਦੇਵ ਸਿੰਘ, ਜ਼ਿਲ੍ਹਾ ਮੈਂਬਰ ਡਾ. ਬਲਵਿੰਦਰ ਸਿੰਘ, ਡਾ. ਰੰਗੀ ਸਿੰਘ, ਡਾ. ਰਾਜੇਸ਼ ਕੁਮਾਰ ਪੰਮੀ , ਡਾ. ਰਾਜੇਸ਼ ਕੁਮਾਰ ਵਰਮਾ, ਡਾ. ਹਰਪ੍ਰੀਤ ਸਿੰਘ, ਡਾ. ਗੁਰਮੀਤ ਸਿੰਘ ਅਤੇ ਡਾ. ਖੇਮ ਚੰਦ ਸਮੇਤ ਸਮੂਹ ਡਾਕਟਰ ਸਾਹਿਬਾਨ ਨੇ ਵੀ ਸਾਰੇ ਸਾਥੀਆਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੁਨਾਮ ਦੀ ਧਰਤੀ 'ਤੇ ਆਉਣ ਵਾਲੇ ਹਰ ਡਾਕਟਰ ਦਾ ਦਿਲੋਂ ਸਵਾਗਤ ਕੀਤਾ ਜਾਵੇਗਾ | ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰੋਸ ਰੈਲੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਇੱਕ ਇਤਿਹਾਸਕ ਕਦਮ ਸਾਬਤ ਹੋਵੇਗੀ |