ਲੁਧਿਆਣਾ, 28 ਮਾਰਚ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ ਹਸਪਤਾਲ, ਸ਼ੇਰਪੁਰ ਚੌਂਕ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਵਿਚ ਦੇਸ਼-ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ ਗਿਆ | ਹੁਣ ਲੁਧਿਆਣਾ ਵਿਚ ਏਆਈ ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫਲ ਸਰਜਰੀਆਂ ਕਰਕੇ ਨਾਮਣਾ ਖੱਟਿਆ ਜਾ ਰਿਹਾ ਹੈ | ਡਾ. ਰਣਜੀਤ ਸਿੰਘ ਨੇ ਹਾਲ ਹੀ ਵਿੱਚ ਥ੍ਰੀ ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਵਾਸੀ 65 ਸਾਲਾਂ ਬਜ਼ੁਰਗ ਮਹਿਲਾ ਕੁਲਦੀਪ ਕੌਰ ਦੀ ਐਸ.ਪੀ.ਐਸ ਹਸਪਤਾਲ ਵਿਚ ਦੋਵੇਂ ਗੋਡਿਆਂ ਦੀ ਸਫਲ ਸਰਜਰੀ ਕੀਤੀ ਗਈ ਹੈ | ਇਸ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਇਸ ਤੋਂ ਪਹਿਲਾਂ ਵਰਤੀ ਜਾਂਦੀ ਰੋਬੋਟਿਕ ਤਕਨੀਕ ਇੱਕ ਪਰੰਪਰਾਗਤ ਪ੍ਰਕਿਰਿਆ ਬਣ ਚੁੱਕੀ ਸੀ, ਜਿਸ ਵਿਚ ਅਪ੍ਰੇਸ਼ਨ ਦੌਰਾਨ ਮਰੀਜ਼ ਦੀ ਲੱਤ ਵਿਚ ਚਾਰ ਵੱਡੇ ਕਿੱਲ ਹੱਡੀ ਵਿਚ ਡਿ੍ੱਲ ਕਰਕੇ ਲਗਾਏ ਜਾਂਦੇ ਸਨ | ਇਸ ਤੋਂ ਬਾਅਦ ਸਰਜਰੀ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ, ਜਿਸ ਵਿੱਚ ਲਗਭਗ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ | ਇਸ ਨਾਲ ਲੰਬੇ ਕੱਟ ਕਾਰਨ ਵੱਧ ਖੂਨ ਵਹਿਣ ਦੀ ਸੰਭਾਵਨਾ ਵੀ ਰਹਿੰਦੀ ਸੀ | ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਟਰਾਂਸਪਲਾਂਟ ਠੀਕ ਢੰਗ ਨਾਲ ਹੁੰਦਾ ਹੈ, ਪਰ ਇਸ ਨਾਲ ਕਈ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਸਭ ਤੋਂ ਪਹਿਲਾਂ ਕਿੱਲ ਲਗਾਉਣ ਕਾਰਨ ਹੱਡੀਆਂ ਦੇ ਫ੍ਰੈਕਚਰ ਦਾ ਖਤਰਾ, ਇਨਫੈਕਸ਼ਨ ਅਤੇ ਇੱਥੋਂ ਤੱਕ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਵੀ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਤਰਿਆਂ ਕਰਕੇ ਮਰੀਜ਼ ਅਕਸਰ ਰੋਬੋਟਿਕ ਸਰਜਰੀ ਤੋਂ ਕਤਰਾਉਂਦੇ ਹਨ | ਇਨ੍ਹਾਂ ਹੀ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਏਆਈ ਪਾਵਰਡ ਰੋਬੋਲੈਂਸ ਥ੍ਰੀ ਡੀ ਤਕਨੀਕ ਰਾਹੀਂ ਸਹੀ ਅਤੇ ਸਟੀਕ ਰੀਪਲੇਸਮੇਂਟ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਸਿਰਫ 20 ਮਿੰਟ ਵਿਚ ਹੋ ਜਾਂਦੀ ਹੈ | ਮਰੀਜ਼ ਸਰਜਰੀ ਕਰਵਾਉਣ ਤੋਂ ਦੋ ਘੰਟੇ ਬਾਅਦ ਹੀ ਆਪਣੇ ਪੈਰਾਂ 'ਤੇ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ | ਇਸ ਲਈ ਡਾ. ਰਣਜੀਤ ਸਿੰਘ ਨੇ ਏਆਈ ਪਾਵਰਡ ਥ੍ਰੀ ਡੀ ਰੋਬੋਲੈਂਸ ਤਕਨੀਕ ਨੂੰ ਸਰਜਰੀ ਲਈ ਸਭ ਤੋਂ ਵਧੀਆ ਤੇ ਕਾਰਗਰ ਦੱਸਿਆ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਮਹਿਲਾ ਸਰਜਰੀ ਕਰਵਾਉਣ ਤੋਂ ਬਾਅਦ ਹੁਣ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਚੌਂਕੜੀ ਮਾਰ ਕੇ ਬੈਠ ਸਕਦੀ ਹੈ | ਸਰਜਰੀ ਕਰਵਾਉਣ ਤੋਂ ਬਾਅਦ ਬਜ਼ੁਰਗ ਮਹਿਲਾ ਕੁਲਦੀਪ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ. ਰਣਜੀਤ ਸਿੰਘ ਦਾ ਧੰਨਵਾਦ ਕੀਤਾ |