ਸੰਗਰੂਰ, 2 ਅਪ੍ਰੈਲ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਸਥਿਤ ਪ੍ਰਦੇਸ਼ ਦਫ਼ਤਰ ਉੱਤੇ ਬੀਤੀ ਸ਼ਾਮ ਹੋਏ ਗ੍ਰਨੇਡ ਹਮਲੇ ਤੋਂ ਭੜਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਸ਼ਹਿਰ ਸੰਗਰੂਰ ਅੰਦਰ ਰੋਸ ਮਾਰਚ ਕਰ ਕੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ | ਜ਼ਿਲ੍ਹਾ-1 ਸੰਗਰੂਰ ਦੇ ਕਾਰਜਕਾਰੀ ਪ੍ਰਧਾਨ ਸਰਜੀਵਨ ਜਿੰਦਲ ਅਤੇ ਜ਼ਿਲ੍ਹਾ -2 ਸੰਗਰੂਰ ਦੇ ਪ੍ਰਧਾਨ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਪਾਰਟੀ ਦੇ ਸਥਾਨਕ ਦਫ਼ਤਰ ਵਿਖੇ ਇਕੱਤਰ ਹੋਏ ਸੈਂਕੜੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਇਸ ਘਟਨਾ ਨੰੂ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਪਾਰਟੀ ਦਫ਼ਤਰ ਤੋਂ ਸ਼ਹੀਦ ਭਗਤ ਸਿੰਘ ਚੌਂਕ ਅਤੇ ਫਿਰ ਸੁਨਾਮੀ ਗੇਟ ਬਾਜ਼ਾਰ ਹੁੰਦੇ ਹੋਏ ਭਾਜਪਾ ਆਗੂ ਅਤੇ ਵਰਕਰ ਸਥਾਨਕ ਵੱਡਾ ਚੌਂਕ ਵਿਖੇ ਪਹੁੰਚੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਕੁੱਝ ਮਾੜੇ ਅਨਸਰ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੰੂ ਲਾਂਬੂ ਲਗਾਉਣਾ ਚਾਹੁੰਦੇ ਹਨ ਜਿਸ ਦੇ ਚੱਲਦਿਆ ਹੀ ਕਦੇ ਪੰਜਾਬ ਅੰਦਰ ਪੁਲਿਸ ਥਾਣਿਆਂ ਉੱਤੇ ਗ੍ਰਨੇਡ ਸੁੱਟੇ ਜਾ ਰਹੇ ਹਨ ਕਦੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਦੀ ਤੋੜ ਭੰਨ ਹੋ ਰਹੀ ਹੈ ਅਤੇ ਕਦੇ ਕੇਂਦਰ ਸਾਸਤ ਪਾਰਟੀ ਭਾਜਪਾ ਦੇ ਸੂਬਾਈ ਦਫ਼ਤਰ ਉੱਤੇ ਗ੍ਰਨੇਡ ਸੁੱਟੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਜਾਪਦੀ ਕਿਉਂਕਿ ਇੱਕ ਦੇ ਉੱਪਰ ਇੱਕ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਨ੍ਹਾਂ ਦੇ ਦੋਸ਼ੀ ਖੁੱਲੇ੍ਹਆਮ ਘੁੰਮ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਚਿੱਟੇ ਦਿਨੀਂ ਭਾਜਪਾ ਦੇ ਦਫ਼ਤਰ ਉੱਤੇ ਗ੍ਰਨੇਡ ਸੁੱਟਿਆ ਗਿਆ ਹੈ ਉਸ ਨੇ ਪੰਜਾਬ ਸਰਕਾਰ ਅਤੇ ਇਸ ਦੇ ਖ਼ੁਫ਼ੀਆ ਏਜੰਸੀਆਂ ਨੰੂ ਅੰਗੂਠਾ ਦਿਖਾਇਆ ਹੈ | ਸਰਜੀਵਨ ਜਿੰਦਲ ਨੇ ਕਿਹਾ ਕਿ ਪੰਜਾਬ ਅੰਦਰ ਮਾੜੇ ਅਨਸਰਾਂ ਉੱਤੇ ਨਕੇਲ ਪਾਉਣ ਲਈ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੜ੍ਹੇ ਹੋਏ ਹੱਥ ਦੇਖ ਕੇ ਅਜਿਹੇ ਸਮਾਜ ਅਤੇ ਦੇਸ਼ ਵਿਰੋਧੀ ਲੋਕਾਂ ਦਾ ਹੌਸਲਾ ਇਸ ਕਦਰ ਵਧ ਗਿਆ ਹੈ ਕਿ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਇਸ ਦਾ ਸਿੱਧਾ ਅਸਰ ਦਿਖ ਰਿਹਾ ਹੈ | ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਅਤੇ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਵੱਖਵਾਦੀ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਨਾਂ ਤਾ ਪੰਜਾਬ ਭਾਜਪਾ ਦਾ ਕੋਈ ਵੀ ਕਾਰਕੁੰਨ ਡਰਦਾ ਹੈ ਅਤੇ ਨਾ ਹੀ ਆਪਣੀ ਪਾਰਟੀ ਤੋਂ ਪਿੱਛੇ ਹਟੇਗਾ | ਇਸ ਮੌਕੇ ਹਰਮਨਦੇਵ ਗੱਗੀ ਬਾਜਵਾ, ਪ੍ਰਦੀਪ ਗਰਗ, ਪ੍ਰੋ:ਓਾਕਾਰ ਸਿੰਘ, ਡਾ: ਭਗਵਾਨ ਸਿੰਘ, ਰਾਂਝਾ ਬਖ਼ਸ਼ੀ, ਜੋਗੀ ਰਾਮ ਸਾਹਨੀ, ਰੋਮੀ ਗੋਇਲ, ਵਿਜੈ ਸਾਹਨੀ, ਰਣਦੀਪ ਦਿਓਲ, ਸਚਿਨ ਭਾਰਦਵਾਜ, ਸਤਪਾਲ ਸਿੰਗਲਾ, ਵਿਕਰਮ ਸੈਣੀ ਪਾਲੀ, ਸੁਰਜੀਤ ਸਿੰਘ ਰੰਧਾਵਾ ਐਡਵੋਕੇਟ, ਨਿਰਭੈ ਸਿੰਘ ਛੰਨਾ, ਮਾਸਟਰ ਸੁਰਿੰਦਰ ਸ਼ਰਮਾ, ਭਗਵੰਤ ਸਿੰਘ ਐਡਵੋਕੇਟ, ਇੰਦਰਜੀਤ ਸਿੰਘ ਬਾਬਾ, ਚਰਨਜੀਤ ਸਿੰਘ ਲੱਕੀ, ਅਰਵਿੰਦ ਮੋਦਗਿੱਲ, ਸ਼ੇਰਵਿੰਦਰ ਸਿੰਘ ਧਾਲੀਵਾਲ, ਸੰਜੇ ਗੋਇਲ, ਬਚਿੱਤਰ ਸਿੰਘ ਚੱਠਾ, ਦਰਸ਼ਨ ਸਿੰਘ ਨਮੋਲ, ਨਰਿੰਦਰ ਸਿੰਘ ਸ਼ੇਰੋਂ, ਹਿੰਮਤ ਬਾਜਵਾ, ਰਾਜਵੀਰ ਸਿੰਘ ਮੱਖਣ, ਮਨਿੰਦਰ ਕਪਿਆਲ, ਰਜਤ ਸ਼ਰਮਾ, ਧੀਰਜ਼, ਗੋਸ਼ਾ ਧਾਲੀਵਾਲ, ਕੁਲਵੀਰ ਕੇਹਰ ਸਿੰਘ ਵਾਲੀ, ਅਸ਼ੋਕ ਗਰਗ, ਜਤਿੰਦਰ ਸਿੰਘ ਅਤੇ ਸਤਵੀਰ ਸਿੰਘ ਜੈਜੀ ਆਦਿ ਭਾਜਪਾ ਆਗੂ ਮੌਜੂਦ ਸਨ |