ਲਹਿਰਾਗਾਗਾ, 2 ਅਪ੍ਰੈਲ (ਅਸ਼ੋਕ ਗਰਗ)-ਸਥਾਨਕ ਪੁਲਿਸ ਨੇ ਡੇਢ ਸਾਲ ਤੋਂ ਲਾਪਤਾ ਨੌਜਵਾਨ ਨੂੰ ਲੱਭ ਕੇ ਉਸ ਦੇ ਮਾਪਿਆਂ ਹਵਾਲੇ ਕੀਤਾ ਹੈ | ਹਵਾਲੇ ਕਰਨ ਸਮੇਂ ਮਾਪੇ ਪੁਲਸ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਸੀ | ਡੀ.ਐਸ.ਪੀ ਲਹਿਰਾਗਾਗਾ ਰਣਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਦੇ ਭਾਨ ਸਿੰਗਲਾ ਪੁੱਤਰ ਅਮਿ੍ਤ ਲਾਲ ਵਾਰਡ ਨੰਬਰ 5 ਵਾਸੀ ਲਹਿਰਾਗਾਗਾ ਜੋ ਕਿ 26 ਨਵੰਬਰ 2024 ਨੂੰ ਲਾਪਤਾ ਹੋ ਗਿਆ ਸੀ ਅਤੇ ਪਰਿਵਾਰ ਪੁੱਤਰ ਦੀ ਭਾਲ ਵਿਚ ਲੱਗਿਆ ਹੋਇਆ ਸੀ | ਲਹਿਰਾਗਾਗਾ ਪੁਲਿਸ ਨੇ ਆਪਣੇ ਤੌਰ 'ਤੇ ਬਹੁਤ ਤਫ਼ਤੀਸ਼ ਕੀਤੀ ਪ੍ਰੰਤੂ ਕਿਤੇ ਸੁਰਾਗ ਨਹੀਂ ਮਿਲਿਆ | ਹੁਣ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ, ਚੌਂਕੀ ਇੰਚਾਰਜ ਗੁਰਦੇਵ ਸਿੰਘ, ਦਿਲਪ੍ਰੀਤ ਸਿੰਘ ਟੈਕਨੀਕਲ ਅਫ਼ਸਰ ਨੇ ਪੂਰੀ ਮਿਹਨਤ ਕਰ ਕੇ ਇਸ ਨੂੰ ਟਰੇਸ ਕਰਨ ਵਿਚ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ | ਡੀ.ਐਸ.ਪੀ ਲਹਿਰਾਗਾਗਾ ਨੇ ਦੱਸਿਆ ਕਿ ਇਹ ਲੜਕਾ ਨੋਇਡਾ ਵਿਖੇ ਰਹਿ ਰਿਹਾ ਸੀ | ਜਿਸ ਨੂੰ ਅੱਜ ਲਿਆ ਕੇ ਮਾਪਿਆਂ ਦੇ ਹਵਾਲੇ ਕੀਤਾ ਹੈ | ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਬੱਚਾ ਕੋਈ ਦੋਸ਼ੀ ਨਹੀਂ ਸੀ ਬੱਚੇ ਦੇ ਮਨ ਵਿਚ ਸੀ ਕਿ ਮੈਂ ਕੁਝ ਬਣ ਕੇ ਆਵਾਂ | ਉੱਥੇ ਮਿਹਨਤ ਕਰ ਰਿਹਾ ਸੀ ਅਤੇ ਕਿਸੇ ਇੰਟਰਨੈਸ਼ਨਲ ਕੰਪਨੀ ਵਿਚ ਲੱਗਿਆ ਹੋਇਆ ਸੀ | ਇਸ ਸਮੇਂ ਉਦੇ ਭਾਨ ਦੇ ਪਿਤਾ ਅਮਿ੍ਤ ਪਾਲ ਨੇ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸੀ ਅਤੇ ਸਾਨੂੰ ਆਪਣੇ ਪੁੱਤਰ ਬਾਰੇ ਕੁੱਝ ਪਤਾ ਨਹੀਂ ਲੱਗ ਰਿਹਾ ਸੀ | ਕਿਉਂਕਿ ਲਾਪਤਾ ਹੋਏ ਨੂੰ ਵਕਵਾ ਹੋ ਗਿਆ ਸੀ | ਪਰਿਵਾਰ ਨੇ ਜਿੱਥੇ ਆਪਣਾ ਪੁੱਤਰ ਦੇ ਮਿਲ ਜਾਣ 'ਤੇ ਖ਼ੁਸ਼ੀ ਹੋਈ ਹੈ ਉੱਥੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਹੈ | ਜਿਨ੍ਹਾਂ ਨੇ ਉਨ੍ਹਾਂ ਦਾ ਪੁੱਤਰ ਲੱਭਣ ਲਈ ਦਿਨ ਰਾਤ ਇਕ ਕੀਤਾ ਹੋਇਆ ਸੀ |