ਸੁਨਾਮ ਊਧਮ ਸਿੰਘ ਵਾਲਾ, 2 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਫ਼ਰਦ ਕੇਂਦਰ ਕੰਪਿਊਟਰ ਆਪਰੇਟਰਜ਼ ਐੱਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਦੀ ਪ੍ਰਧਾਨਗੀ ਹੇਠ ਹੋਈ | ਰਮਨਦੀਪ ਸਿੰਘ ਚਕੇਰੀਆਂ, ਵਿਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਫ਼ਰਦ ਕੇਂਦਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੇ ਚੋਣ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਫ਼ਰਦ ਕੇਂਦਰ ਚੱਲਦੇ ਰੱਖਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਲਾਰਿਆਂ ਦੇ ਸਿਵਾਏ ਉਨ੍ਹਾਂ ਦੇ ਕੁਝ ਪੱਲੇ ਨਹੀ ਪਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮਾਰਚ ਮਹੀਨੇ ਦੀ ਵਧੀ ਹੋਈ ਤਨਖ਼ਾਹ ਤੁਰੰਤ ਜਾਰੀ ਕਰਨ, ਬਰਖ਼ਾਸਤ ਕੀਤੇ ਗਏ ਸਾਥੀਆਂ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ | ਕੁਲਵਿੰਦਰ ਸਿੰਘ ਲਾਡੀ, ਬਲਜਿੰਦਰ ਸਿੰਘ ਸੋਨੀ ਨੇ ਕਿਹਾ ਕਿ ਮੌਜੂਦਾ ਸੀ ਐਮ ਐੱਸ ਕੰਪਨੀ ਦਾ ਟੈਂਡਰ 31 ਮਾਰਚ ਨੂੰ ਖ਼ਤਮ ਹੋ ਚੁੱਕਿਆ ਹੈ | ਜਿਸ ਬਾਰੇ ਕੰਪਨੀ ਵੱਲੋਂ ਪਹਿਲਾਂ ਹੀ ਮੁਲਾਜ਼ਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ | ਹੁਣ 1 ਅਪ੍ਰੈਲ ਤੋਂ ਫ਼ਰਦ ਕੇਂਦਰ ਦੇ ਕਰਮਚਾਰੀ ਆਪਣੇ ਭਵਿੱਖ ਲਈ ਚਿੰਤਤ ਹਨ ਕਿ ਉਹ ਹੁਣ ਆਪਣਾ ਮਿਹਨਤਾਨਾ ਕਿਸ ਵਿਭਾਗ ਜਾਂ ਕੰਪਨੀ ਤੋਂ ਲੈਣਗੇ | ਆਗੂਆਂ ਨੇ ਕਿਹਾ ਕਿ ਕਨਸੋਅ ਮਿਲੀ ਹੈ ਕਿ ਕੰਪਨੀ ਦਾ 31 ਮਈ 2026 ਤੱਕ ਦਾ ਕਾਰਜਕਾਲ ਬਿਨਾ ਕਿਸੇ ਟੈਂਡਰ ਦੇ ਜ਼ਬਾਨੀ ਤੌਰ 'ਤੇ ਵਧਾ ਦਿੱਤਾ ਗਿਆ ਹੈ | ਜਿਸ ਨੂੰ ਲੈ ਕੇ ਵਿਰੋਧ ਵਜੋਂ ਫ਼ਰਦ ਕੇਂਦਰ ਮੁਲਾਜ਼ਮਾਂ ਵਲੋਂ ਫ਼ਰਦ ਕੇਂਦਰਾਂ ਦਾ ਕੰਮ ਠੱਪ ਕਰ ਕੇ 4 ਤੋਂ 7 ਅਪ੍ਰੈਲ ਤੱਕ ਹੜਤਾਲ ਕੀਤੀ ਜਾਵੇਗੀ | ਜੇਕਰ ਫਿਰ ਵੀ ਕੋਈ ਹੱਲ ਨਾਂ ਹੋਇਆ ਤਾਂ ਝੰਡਾ ਮਾਰਚ ਕਰਨ ਉਪਰੰਤ ਡੀ.ਐਲ.ਆਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ |