ਲੌਂਗੋਵਾਲ, 4 ਅਪ੍ਰੈਲ (ਸ.ਸ. ਖੰਨਾ, ਵਿਨੋਦ)-ਕਸਬੇ ਅੰਦਰ ਪੱਤੀ ਗਾਹੂ ਨੇੜੇ ਜੱਟਾਂ ਦੀ ਡੇਅਰੀ ਕੋਲ ਪਿਛਲੇ ਕਾਫ਼ੀ ਸਮੇਂ ਤੋਂ ਮੇਨ ਸੜਕ ਤੇ ਟੁੱਟਿਆ ਬਿਜਲੀ ਦਾ ਖੰਭਾ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਵੱਲੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਸਬੰਧਿਤ ਜੇਈ ਕਈ ਵਾਰ ਕਿਹਾ ਗਿਆ ਹੈ ਕਿ ਇਸ ਟੁੱਟੇ ਹੋਏ ਖੰਭੇ ਨੂੰ ਪੁੱਟ ਕੇ ਇੱਥੇ ਨਵਾਂ ਖੰਭਾ ਲਗਾਇਆ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੋਡ 'ਤੇ ਬਹੁਤ ਆਵਾਜਾਈ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਇੱਥੇ ਦੁੱਧ ਦੀ ਡੇਅਰੀ ਬਣੀ ਹੋਈ ਹੈ ਜਿੱਥੇ ਲੋਕਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਹੈ ਅਤੇ ਨਾਲ ਹੀ ਇਹ ਸੜਕ ਸਵਰਗ ਆਸ਼ਰਮ ਨੂੰ ਜਾਂਦੀ ਹੈ ਇਸ ਦੇ ਨਜ਼ਦੀਕ ਪ੍ਰਾਚੀਨ ਸ਼ਿਵ ਮੰਦਿਰ ਵੀ ਹੈ ਜਿੱਥੇ ਸ਼ਰਧਾਲੂਆਂ ਦਾ ਹਰ ਰੋਜ਼ ਆਉਣਾ ਜਾਣਾ ਰਹਿੰਦਾ ਹੈ | ਇਸ ਦੇ ਬਾਵਜੂਦ ਵੀ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਕੰਨ 'ਤੇ ਅੱਜ ਤੱਕ ਜੰੂ ਨਹੀਂ ਸਰਕੀ ਨਗਰ ਕੌਂਸਲ ਪ੍ਰਧਾਨ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇੱਥੇ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸੰਬੰਧਿਤ ਜੇਈ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਜਦੋਂ ਇੱਕ ਨਗਰ ਕੌਂਸਲ ਪ੍ਰਧਾਨ ਦੇ ਵਾਰ-ਵਾਰ ਕਹਿਣ ਤੇ ਇਹ ਟੁੱਟਿਆ ਖੰਭਾ ਨਹੀਂ ਬਦਲਿਆ ਜਾ ਰਿਹਾ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ | ਹੁਣ ਵੇਖਣਾ ਇਹ ਹੋਵੇਗਾ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਖੰਭਾ ਬਦਲਿਆ ਜਾਵੇਗਾ ਜਾਂ ਹਾਲੇ ਵੀ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ |