ਦਿੜ੍ਹਬਾ ਮੰਡੀ, 5 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਵਲੋਂ ਦਿੜ੍ਹਬਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੱਢਿਆ ਗਿਆ | ਸੂਬਾ ਆਗੂਆਂ ਬਲਿਹਾਰ ਸਿੰਘ, ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੌੜ, ਸਹਾਇਕ ਸਕੱਤਰ ਟੇਕ ਚੰਦ, ਚਮਕੌਰ ਸਿੰਘ ਆਦਿ ਨੇ ਕਿਹਾ ਕਿ ਝੰਡਾ ਮਾਰਚ ਦਿੜ੍ਹਬਾ ਰਤਨਗੜ੍ਹ ਸਿੰਧੜਾਂ, ਕੜਿਆਲ, ਧਰਮਗੜ੍ਹ ਛੰਨਾ, ਮੁਨਸੀਵਾਲਾ, ਸਮੂਰਾਂ ਤੋਂ ਸ਼ੁਰੂ ਹੋਕੇ ਪਿੰਡ ਸਫੀਪੁਰ ਖ਼ੁਰਦ ਵਿਚ ਸਮਾਪਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਝੰਡਾ ਮਾਰਚ ਰਾਹੀਂ ਮਿਹਨਤਕਸ਼ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਪ੍ਰਚੂਨ ਕਾਰੋਬਾਰੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਜਿਨ੍ਹਾਂ ਮੰਗਾਂ ਵਿਰੁੱਧ ਅਸੀਂ ਵੱਖੋ ਵੱਖਰੇ ਤਬਕੇ ਆਪਣੀਆਂ ਮੰਗਾਂ ਲਈ ਵੱਖੋ ਵੱਖਰੇ ਤੌਰ ਤੇ ਸੰਘਰਸ਼ ਦੇ ਰਾਹ ਤੇ ਹਾਂ | ਪਰ ਸਾਡੀਆਂ ਮੰਗਾਂ ਦੀ ਜੜ੍ਹ ਇੱਕ ਹੈ, ਜੋ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੀ ਨੀਤੀ ਵਿੱਚ ਸਮੋਈ ਹੋਈ ਹੈ | ਸਰਕਾਰੀ ਅਦਾਰਿਆਂ ਦੇ ਨਾਲ ਹੀ ਸਰਕਾਰੀ ਮੰਡੀ ਨਿੱਜੀ ਲੁਟੇਰੇ ਕਾਰਪੋਰੇਟ ਘਰਾਣਿਆਂ ਹਵਾਲੇ ਕੀਤੀ ਜਾ ਰਹੀ ਹੈ | ਪ੍ਰਚੂਨ ਕਾਰੋਬਾਰ ਦੇ ਖੇਤਰ ਵਿੱਚ ਵੀ ਵੱਡੇ ਧਨਾਢ ਕਾਰੋਬਾਰੀਆਂ ਨੂੰ ਘੁਸਪੈਠ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ | ਕਾਮਿਆਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਅਨੁਸਾਰ ਤਨਖ਼ਾਹ ਅਦਾਇਗੀ ਤੋਂ ਇਨਕਾਰ ਕਰਨ ਦੇ ਨਾਲ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਫ਼ਸਲਾਂ ਦੀ ਖ਼ਰੀਦ ਤੋਂ ਇਨਕਾਰ ਕਰਕੇ ਲੁਟੇਰੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੀ ਲੋੜ ਅਨੁਸਾਰ ਫ਼ਸਲਾਂ ਦੀ ਖ਼ਰੀਦ ਕਰਨ ਦਾ ਅਧਿਕਾਰ ਦੇ ਕੇ ਸਰਕਾਰਾਂ ਨੇ ਮਿਹਨਤ ਕਸ਼ ਲੋਕਾਂ ਨਾਲ ਦਗਾ ਪਾਲਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਸਮੇਂ ਹੋਰ ਮਿਹਨਤਕਸ਼ ਲੋਕਾਂ ਦੀ ਤਰ੍ਹਾਂ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਣ ਤੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ | ਸਰਕਾਰ ਬਣਦਿਆਂ ਹੀ ਆਪਣੀ ਬੋਲੀ ਬਦਲ ਲਈ ਪਹਿਲੀਆਂ ਸਰਕਾਰਾਂ ਦੇ ਰਾਹਾਂ ਤੇ ਚੱਲਦਿਆਂ ਸਬ ਕਮੇਟੀ ਦਾ ਗਠਨ ਕਰ ਕੇ ਕਾਂਗਰਸ-ਅਕਾਲੀਆਂ ਦਾ ਭਰੋਸਾ ਹੀ ਦੁਹਰਾਇਆ ਜਾ ਰਿਹਾ ਹੈ | ਸਬ ਕਮੇਟੀ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰੇਗੀ | ਸਬ ਕਮੇਟੀ ਦਾ ਪ੍ਰਮੁੱਖ ਵੀ ਦਿੜ੍ਹਬਾ ਹਲਕੇ ਨਾਲ ਸਬੰਧਤ ਵਿੱਤ ਮੰਤਰੀ ਪੰਜਾਬ ਨੂੰ ਥਾਪਿਆ ਹੋਇਆ ਹੈ | ਜਿਨ੍ਹਾਂ ਨੇ ਇਨ੍ਹਾਂ ਚਾਰ ਸਾਲਾਂ ਦੇ ਅਰਸੇ ਚ ਠੇਕਾ ਕਾਮਿਆਂ ਨਾਲ ਝੂਠੇ ਲਾਰੇ ਅਤੇ ਧੋਖੇ ਦੀਆਂ ਸਾਜ਼ਿਸ਼ਾਂ ਘੜ ਕੇ ਡੰਗ ਟਪਾਈ ਕਰਨ ਦੇ ਨਾਲ ਨਾਲ ਮੋਰਚੇ ਦੀ ਇੱਕਜੁੱਟਤਾ ਨੂੰ ਖਿੰਡਾਉਣ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ | ਮੁੱਖ ਮੰਤਰੀ ਪੰਜਾਬ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ | ਪਰੰਤੂ ਚਾਰ ਸਾਲਾਂ ਵਿਚ ਮੋਰਚੇ ਨੂੰ 33 ਵਾਰ ਮੀਟਿੰਗ ਦਾ ਲਿਖਤੀ ਸਮਾਂ ਦੇ ਕੇ ਇਕ ਵਾਰ ਵੀ ਗੱਲਬਾਤ ਨਹੀਂ ਕੀਤੀ | ਜੇਕਰ ਜਲਦੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |