ਸੁਨਾਮ ਊਧਮ ਸਿੰਘ ਵਾਲਾ, 5 ਅਪ੍ਰੈਲ (ਭੁੱਲਰ, ਧਾਲੀਵਾਲ) - ਜਿੱਥੇ ਅਕਸਰ ਹੀ ਅੱਜ ਕੱਲ੍ਹ ਬੱਚੇ-ਬੁੱਢੇ ਆਵਾਰਾ ਕੁੱਤਿਆਂ ਦੇ ਕੱਟਣ ਦਾ ਸੰਤਾਪ ਭੋਗ ਰਹੇ ਹਨ ਉੱਥੇ ਹੀ ਗਲੀਆਂ ਮੁਹੱਲਿਆਂ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਨੇ ਵੀ ਲੋਕਾਂ ਦਾ ਜਿਊਣਾ ਹਰਾਮ ਕਰ ਰੱਖਿਆ | ਸਥਾਨਕ ਸਰਾਭਾ ਨਗਰ ਦੀ ਡੀ.ਏ.ਵੀ.ਪਬਲਿਕ ਸਕੂਲ ਕਲੋਨੀ ਵਿਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦੋਂ ਖਰੂਦ ਪਾ ਰਹੇ ਆਵਾਰਾ ਢੱਠਿਆਂ ਦੇ ਝੁੰਡ ਦੇ ਸਤਾਏ ਕਲੋਨੀ ਵਾਸੀਆਂ ਨੂੰ ਡਰ ਦੇ ਮਾਰੇ ਆਪੋ ਆਪਣੇ ਘਰਾਂ 'ਚ ਦੜਕੇ ਬੈਠਣ ਲਈ ਮਜਬੂਰ ਹੋਣਾ ਪੈ ਗਿਆ | ਕਲੋਨੀ ਵਾਸੀ ਸ਼ਰਨਜੀਤ ਸਿੰਘ ਸ਼ੰਮੀ, ਜਗਦੇਵ ਸਿੰਘ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਲਾਵਾਰਸ ਗਊਧਨ ਨੂੰ ਸਰਕਾਰੀ ਕੈਟਲ ਪਾਊਾਡ ਝਨੇੜੀ ਭੇਜਣ ਦੀ ਵਿੱਢੀ ਗਈ ਮੁਹਿੰਮ ਦੇ ਬਾਵਜੂਦ ਅਨੇਕਾਂ ਗਊਆਂ ਅਤੇ ਢੱਠੇ ਦਿਨ ਰਾਤ ਕਲੋਨੀ ਦੀਆਂ ਗਲੀਆਂ ਵਿਚ ਘੁੰਮ ਰਹੇ ਹਨ | ਜਿਸ ਕਾਰਨ ਜਿੱਥੇ ਡਰ ਦੇ ਮਾਰੇ ਬੱਚੇ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਹਨ ਉੱਥੇ ਹੀ ਬਜ਼ੁਰਗ ਬੀਬੀਆਂ ਸਵੇਰੇ ਸ਼ਾਮ ਆਪਣੇ ਘਰਾਂ 'ਚੋਂ ਬਾਹਰ ਨਿੱਕਲ ਕੇ ਬੈਠਣ ਤੋਂ ਗੁਰੇਜ਼ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦੀ ਮਾਰ 'ਚ ਆ ਕੇ ਪਹਿਲਾਂ ਵੀ ਕਈ ਵਿਅਕਤੀ ਗੰਭੀਰ ਜ਼ਖਮੀ ਹੋ ਚੁੱਕੇ ਹਨ | ਇਸ ਸਮੇਂ ਹਰਦੀਪ ਸਿੰਘ, ਗੁਰਮੇਲ ਸਿੰਘ, ਪਰਵਿੰਦਰ ਸਿੰਘ, ਮਨਜੀਤ ਸਿੰਘ, ਹਰਨਾਮ ਸਿੰਘ, ਸੋਮ ਸਿੰਘ ਅਤੇ ਜੋਗਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰੂਦ ਪਾਉਂਦੇ ਇਨ੍ਹਾਂ ਢੱਠਿਆਂ ਸਮੇਤ ਹੋਰ ਆਵਾਰਾ ਪਸ਼ੂਆਂ ਤੋਂ ਰਾਹਤ ਦਿਵਾਈ ਜਾਵੇ ਤਾਂ ਜੋ ਕਲੋਨੀ ਵਿਚ ਸੁੱਖ ਦੀ ਜ਼ਿੰਦਗੀ ਜਿਉਂ ਸਕਣ |