ਸੰਗਰੂਰ, 8 ਅਪ੍ਰੈਲ (ਧੀਰਜ ਪਸ਼ੋਰੀਆ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਮੰਚ ਵਲੋਂ 21 ਅਪ੍ਰੈਲ ਨੂੰ ਸੰਗਰੂਰ ਵਿਖੇ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ ਜਿਸ ਵਿਚ ਗ਼ਦਰ ਪਾਰਟੀ ਦੀ ਵਿਚਾਰਧਾਰਾ ਅਤੇ ਅੱਜ ਦੇ ਸਮੇਂ ਵਿਚ ਉਸ ਦੀ ਸਾਰਥਿਕਤਾ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਸਬੰਧੀ ਪਰਚੇ ਪੜ੍ਹੇ ਜਾਣਗੇ | ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਪਿੰਡ ਬਖਸ਼ੀਵਾਲਾ ਦੇ ਸਰਕਾਰੀ ਸਕੂਲ ਦਾ ਨਾਂ ਗ਼ਦਰੀ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦੇ ਨਾਂ 'ਤੇ ਰੱਖਣ ਸਬੰਧੀ ਮੰਚ ਦਾ ਵਫ਼ਦ ਜਲਦ ਹੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲੇਗਾ | ਮੀਟਿੰਗ ਵਿਚ ਉਕਤ ਤੋਂ ਇਲਾਵਾ ਸੂਬਾ ਵਿੱਤ ਸਕੱਤਰ ਲਾਭ ਸਿੰਘ ਛਾਜਲਾ, ਪਵਨ ਕੁਮਾਰ ਸੁਨਾਮ, ਹਰਗੋਬਿੰਦ ਸ਼ੇਰਪੁਰ, ਗੁਰਚਰਨ ਖੋਖਰ, ਸੁਰਿੰਦਰ ਉੱਪਲੀ, ਚਮਕੌਰ ਮਹਿਲਾਂ ਤੇ ਗੁਰਦੀਪ ਲਹਿਰਾ ਸ਼ਾਮਿਲ ਸਨ |