ਸ਼ੇਰਪੁਰ, 8 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਈ ਪੰਜਾਬੀਆਂ ਦੀ ਮਾਂ ਪਾਰਟੀ ਹੈ | ਇਸੇ ਕਰ ਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ 'ਪੰਜਾਬ ਬਚਾਓ' ਰੈਲੀਆਂ ਵਿਚ ਬੇਤਹਾਸ਼ਾ ਇਕੱਠ ਹੋ ਰਿਹਾ ਹੈ | ਇਸ ਤਰ੍ਹਾਂ ਦੇ ਇਤਿਹਾਸਕ ਇਕੱਠਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹ ਸੂਤ ਕੇ ਰੱਖ ਦਿਤੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦਾ ਸ਼ਾਨਾਮੱਤਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਦੇ ਵੀ ਪੰਜਾਬ ਦੇ ਹੱਕਾਂ ਤੇ ਕੇਂਦਰ ਸਰਕਾਰ ਨੇ ਡਾਕਾ ਮਾਰਿਆ ਜਾਂ ਬੇਇਨਸਾਫ਼ੀ ਕੀਤੀ ਤਾਂ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰ ਕੇ ਪੰਜਾਬ ਦੇ ਹੱਕ ਹਕੂਕਾਂ ਲਈ ਲੱਖਾਂ ਦੀ ਗਿਣਤੀ 'ਚ ਜੇਲ੍ਹਾਂ ਭਰ ਦਿੱਤੀਆਂ | ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਜੇਕਰ ਪੰਜਾਬ ਦਾ ਵਿਕਾਸ ਹੋਇਆ ਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ | ਅੱਜ ਪੰਜਾਬ ਦਾ ਹਰ ਵਰਗ ਅਕਾਲੀ ਦਲ ਦੀ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਯਾਦ ਕਰਦਿਆਂ ਹੋਇਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਤੀਬਰਤਾ ਨਾਲ ਉਡੀਕ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਗਰੀਬ ਸਿੰਘ ਛੰਨਾਂ, ਸਰਕਲ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ, ਬਲਵਿੰਦਰ ਸਿੰਘ ਬਾਦਸ਼ਾਹਪੁਰ ਵੀ ਮੌਜੂਦ ਸਨ |