ਸੰਗਰੂਰ, 9 ਅਪ੍ਰੈਲ (ਫੁੱਲ, ਪਸ਼ੌਰੀਆ) -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਉੱਤੇ ਲੜੀਆ ਜਾਣਗੀਆਂ ਅਤੇ ਪਾਰਟੀ ਮੁੜ ਸਰਕਾਰ ਬਣਾਵੇਗੀ | ਅੱਜ ਇੱਥੇ 'ਅਜੀਤ' ਉਪ ਦਫ਼ਤਰ ਪਹੁੰਚੇ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਦਾ ਕੰਮਾਂ ਕਾਰਨ ਅਤੇ ਵਾਅਦੇ ਪੂਰੇ ਕਰਨ ਨਾਲ ਗਰਾਫ਼ ਵਧਿਆ ਹੈ | ਉਨ੍ਹਾਂ ਕਿਹਾ ਕਿ ਰਿਕਾਰਡ ਗਵਾਹ ਹੈ ਕਿ ਸਭ ਤੋਂ ਵੱਧ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹਨ | ਸਭ ਤੋਂ ਵੱਧ ਸਰਕਾਰੀ ਨੌਕਰੀਆਂ, ਸਕੂਲੀ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀ, ਖੇਡਾਂ ਦਾ ਬਜਟ 147 ਕਰੋੜ ਤੋਂ ਵਧਾ ਕੇ 18 ਸੌ ਕਰੋੜ ਰੁਪਏ ਕਰਨਾ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕਰਨਾ ਅਤੇ ਹੋਰ ਕਿੰਨੇ ਹੀ ਕੰਮ ਹਨ ਜਿਨ੍ਹਾਂ ਕਾਰਨ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਸਥਾਪਤ ਕਰਨ ਬਾਰੇ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਖ਼ਰਚਿਆਂ ਲਈ ਆਮਦਨ ਵਧੀ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੂਝਬੂਝ ਸਦਕਾ ਪੰਜਾਬ ਦੇ ਮਾਲੀਏ ਵਿੱਚ ਦੁੱਗਣਾ ਵਾਧਾ ਹੋਇਆ ਹੈ ਜਿਸ ਕਾਰਨ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਪ੍ਰੋਜੈਕਟ ਤੇਜ਼ੀ ਨਾਲ ਚੱਲ ਰਹੇ ਹਨ | ਇਸ ਤੋਂ ਪਹਿਲਾਂ ਸਥਾਨਕ ਬਨਾਸਰ ਬਾਗ ਵਿਖੇ ਨਵੀਨੀਕਰਨ ਪਿੱਛੋਂ ਨਵੀਂ ਦਿੱਖ ਵਾਲੇ ਅਜਾਇਬ ਘਰ ਦਾ ਉਦਘਾਟਨ ਕਰਨ ਪਹੁੰਚੇ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਰਿਆਸਤੀ ਸ਼ਹਿਰ ਹੈ ਅਤੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ | ਇਸ ਸ਼ਹਿਰ ਦੇ ਵਿਕਾਸ ਲਈ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਦਿਲਚਸਪੀ ਵਿਖਾਈ ਜਾ ਰਹੀ ਹੈ | ਵਰਨਣਯੋਗ ਹੈ ਕਿ ਰਿਆਸਤੀ ਸ਼ਹਿਰ ਰਹੇ ਸੰਗਰੂਰ ਦੇ ਤਤਕਲੀਨ ਰਾਜਾ ਰਘਵੀਰ ਸਿੰਘ ਵੱਲੋਂ ਬਣਾਏ ਦੀਵਾਨਖ਼ਾਨੇ ਵਿੱਚ 1970 ਵਿੱਚ ਪੰਜਾਬ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਉਸ ਸਮੇਂ ਦੇ ਮੁਖੀ ਐਮ.ਐਸ. ਰੰਧਾਵਾ ਆਈ.ਸੀ.ਐਸ ਨੇ ਇਸ ਨੰੂ ਅਜਾਇਬ ਘਰ ਵਿਚ ਤਬਦੀਲ ਕੀਤਾ ਸੀ | ਮੁਰੰਮਤ ਦੇ ਨਾਂਅ ਉੱਤੇ ਇਸ ਨੰੂ ਕਈ ਵਾਰ ਬੰਦ ਕੀਤਾ ਗਿਆ | ਨਵੀਨੀਕਰਨ ਪਿੱਛੋਂ ਤਤਕਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਕਰੀਬਨ 5 ਸਾਲ ਪਹਿਲਾਂ ਇਸ ਦਾ ਉਦਘਾਟਨ ਕੀਤਾ ਪਰ ਉਸ ਤੋਂ ਅਗਲੇ ਦਿਨ ਇਸ ਨੰੂ ਬੰਦ ਕਰ ਦਿੱਤਾ ਗਿਆ | ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ, ਇਤਿਹਾਸਕਾਰ ਰਾਜੀਵ ਜਿੰਦਲ, ਸਮਾਜ ਸੇਵੀ ਆਗੂ ਜਤਿੰਦਰ ਕਾਲੜਾ ਅਤੇ ਕਮਲ ਆਨੰਦ ਐਡਵੋਕੇਟ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸਰਕਾਰ ਨੰੂ ਇਹ ਅਜਾਇਬ ਘਰ ਖੋਲ੍ਹਣ ਲਈ ਕੀਤੀਆਂ ਅਪੀਲਾਂ ਨੰੂ ਅੱਜ ਉਸ ਸਮੇਂ ਬੂਰ ਪੈ ਗਿਆ ਜਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਇਸ ਦਾ ਉਦਘਾਟਨ ਕਰਨ ਪਹੁੰਚੇ | ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਇਤਿਹਾਸਕਾਰ ਰਾਜੀਵ ਜਿੰਦਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਧਾਲੀਵਾਲ ਨੇ ਸੰਬੋਧਨ ਕੀਤਾ | ਇਸ ਮੌਕੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ, ਆਪ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਜਿੰਦਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਉਪ ਪ੍ਰਧਾਨ ਜੂਹੀ ਕੌਸ਼ਲ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ, ਰਵਿੰਦਰਪਾਲ ਸਿੰਘ ਨੋਨੀ, ਵਿਨੋਦ ਪਰੋਚਾ, ਮਨਦੀਪ ਕੌਰ, ਅਨਿਲ ਕੁਮਾਰ ਰੋਕੀ, ਵਿਕਰਮ ਸਿੰਘ ਅਤੇ ਹੋਰ ਮੌਜੂਦ ਸਨ |