ਸੰਗਰੂਰ, 10 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਵੱਲੋਂ 'ਕੌਅ ਸੈੱਸ' ਦੇ ਨਾਂ 'ਤੇ ਵਸੂਲੇ ਜਾ ਰਹੇ ਕਰੋੜਾਂ ਰੁਪਏ ਦੇ ਬਾਵਜੂਦ ਸੜਕਾਂ 'ਤੇ ਆਵਾਰਾ ਪਸ਼ੂਆਂ ਅਤੇ ਰਾਹਗੀਰਾਂ ਦੀ ਸੁਰੱਖਿਆ ਰਾਮ ਭਰੋਸੇ ਹੈ | ਸੰਗਰੂਰ ਵਿੱਚ ਪਿਛਲੇ 36 ਘੰਟਿਆਂ ਦੌਰਾਨ ਵਾਪਰੇ ਵੱਖ-ਵੱਖ ਭਿਆਨਕ ਹਾਦਸਿਆਂ ਵਿੱਚ 12 ਗਊਆਂ ਸ਼ਿਕਾਰ ਹੋਈਆਂ ਹਨ, ਜਿਸ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਐਡਵੋਕੇਟ ਕਮਲ ਆਨੰਦ ਅਨੁਸਾਰ ਆਰ.ਟੀ.ਆਈ. ਰਾਹੀਂ ਮਿਲੇ ਅੰਕੜੇ ਦੱਸਦੇ ਹਨ ਕਿ ਸਿਰਫ਼ ਬਿਜਲੀ ਨਿਗਮ ਨੇ ਹੀ 70.98 ਕਰੋੜ ਰੁਪਏ ਇਕੱਠੇ ਕੀਤੇ ਹਨ | ਬਾਕੀ ਵਿਭਾਗ ਜਾਣਕਾਰੀ ਦੇਣ ਤੋਂ ਭੱਜ ਰਹੇ ਹਨ | ਇਹ ਜਨਤਾ ਦਾ ਪੈਸਾ ਹੈ ਅਤੇ ਇਸ ਦਾ ਪੂਰਾ ਹਿਸਾਬ ਲਿਆ ਜਾਵੇਗਾ | ਜਤਿੰਦਰ ਕੁਮਾਰ ਕਾਲੜਾ ਨੇ ਕਿਹਾ ਕਿ ਜੇਕਰ ਸਰਕਾਰ ਵਸੂਲੇ ਗਏ ਕੌਅ ਸੈੱਸ ਨਾਲ ਗਊਸ਼ਾਲਾਵਾਂ ਦਾ ਪ੍ਰਬੰਧ ਨਹੀਂ ਕਰ ਸਕਦੀ, ਤਾਂ ਇਹ ਨਾਜਾਇਜ਼ ਟੈਕਸ ਤੁਰੰਤ ਬੰਦ ਕੀਤਾ ਜਾਵੇ | ਜਦੋਂ ਸਰਕਾਰ ਨਾ ਤਾਂ ਸੜਕਾਂ ਤੋਂ ਪਸ਼ੂ ਹਟਾ ਸਕਦੀ ਹੈ ਅਤੇ ਨਾ ਹੀ ਜ਼ਖ਼ਮੀ ਪਸ਼ੂਆਂ ਦਾ ਇਲਾਜ ਕਰਵਾ ਸਕਦੀ ਹੈ ਤਾਂ ਫਿਰ ਜਨਤਾ ਦੀ ਜੇਬ 'ਤੇ ਡਾਕਾ ਸਿਰਫ਼ 'ਵਿੱਤੀ ਹੇਰਾਫੇਰੀ' ਹੈ | ਇਸ ਮੁੱਦੇ 'ਤੇ ਚਿੰਤਾ ਪ੍ਰਗਟ ਕਰਦਿਆਂ ਗਊਧਾਮ ਦੇ ਚੇਅਰਮੈਨ ਰਜਿੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਜਨਤਾ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਇਹ ਪੈਸਾ ਗਊਧਨ ਦੀ ਸੇਵਾ ਅਤੇ ਸੰਭਾਲ ਲਈ ਕਿੱਥੇ ਖ਼ਰਚ ਹੋ ਰਿਹਾ ਹੈ, ਇਸ ਦਾ ਕੋਈ ਪਤਾ ਨਹੀਂ | ਜੇਕਰ ਸੈੱਸ ਦਾ ਪੈਸਾ ਸਹੀ ਸਮੇਂ 'ਤੇ ਗਊਸ਼ਾਲਾਵਾਂ ਨੂੰ ਮਿਲੇ, ਤਾਂ ਕੋਈ ਵੀ ਪਸ਼ੂ ਸੜਕ 'ਤੇ ਭੁੱਖਾ ਜਾਂ ਬੇਸਹਾਰਾ ਨਹੀਂ ਰਹੇਗਾ | 12 ਗਊਆਂ ਦਾ ਹਾਦਸਾਗ੍ਰਸਤ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ | ਗਊ ਧਾਮ ਸੰਗਰੂਰ ਦੇ ਸਰਪ੍ਰਸਤ ਨਰੇਸ਼ ਗਰਗ ਨੇ ਪ੍ਰਸ਼ਾਸਨ ਨੂੰ ਘੇਰਦਿਆਂ ਕਿਹਾ ਕਿ ਸੰਗਰੂਰ ਦੀਆਂ ਗਊਸ਼ਾਲਾਵਾਂ ਵੱਧ ਤੋਂ ਵੱਧ ਪਸ਼ੂਆਂ ਦੀ ਸੇਵਾ ਕਰ ਰਹੀਆਂ ਹਨ, ਪਰ ਸਰਕਾਰੀ ਮਦਦ ਦੇ ਨਾਂ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ | ਜਨਤਾ ਟੈਕਸ ਦੇ ਰਹੀ ਹੈ ਤਾਂ ਜੋ ਪਸ਼ੂਆਂ ਨੂੰ ਛੱਤ ਅਤੇ ਚਾਰਾ ਮਿਲ ਸਕੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਅੱਜ ਬੇਜ਼ਬਾਨ ਜਾਨਵਰ ਸੜਕਾਂ 'ਤੇ ਦਮ ਤੋੜ ਰਹੇ ਹਨ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਸ੍ਰੀ ਕਾਲੜਾ ਨੇ ਕਿਹਾ ਕਿ ਜੇਕਰ ਪ੍ਰਬੰਧ ਨਹੀਂ ਹੋ ਸਕਦਾ ਤਾਂ ਕੌਅ ਸੈੱਸ ਤੁਰੰਤ ਬੰਦ ਹੋਵੇ, ਇਕੱਠੇ ਹੋਏ ਕਰੋੜਾਂ ਰੁਪਏ ਦਾ ਹਿਸਾਬ ਜਨਤਕ ਕੀਤਾ ਜਾਵੇ ਅਤੇ ਸੜਕਾਂ 'ਤੇ ਘੁੰਮ ਰਹੇ ਪਸ਼ੂਆਂ ਨੂੰ ਤੁਰੰਤ ਸਰਕਾਰੀ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ | ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਧਰਾਤਲ 'ਤੇ ਸੁਧਾਰ ਨਾ ਹੋਇਆ, ਤਾਂ ਉਹ ਇਸ ਲੁੱਟ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਜਨਤਕ ਅੰਦੋਲਨ ਛੇੜਨਗੇ |