ਅਮਰਗੜ੍ਹ, 10 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪਿੰਡ ਨਿਆਮਤਪੁਰ ਦੀ ਬੰਜਰ ਪਈ ਸ਼ਾਮਲਾਟ ਜ਼ਮੀਨ ਨੂੰ ਉਪਜਾਊ ਬਣਾਉਣ ਅਤੇ ਉੱਥੇ ਬਾਗ ਲਗਾਉਣ ਖ਼ਾਤਰ ਜ਼ਮੀਨ ਤੇ ਸਫ਼ਾਈ ਕਰਵਾ ਰਹੀ ਪੰਚਾਇਤ ਉੱਪਰ ਉੱਥੋਂ ਦਰਖਤ ਪੁੱਟਣ ਦੇ ਕਥਿਤ ਦੋਸ਼ ਲੱਗੇ ਸਨ | ਜਿਨ੍ਹਾਂ ਨੂੰ ਨਕਾਰਦਿਆਂ ਮੌਜੂਦਾ ਸਰਪੰਚ ਗੁਰਮੀਤ ਸਿੰਘ ਅਤੇ ਖਾਦੀ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਵਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਉਨ੍ਹਾਂ ਸਪਸ਼ਟ ਕੀਤਾ ਕਿ ਪੰਚਾਇਤ ਪਿੰਡ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਆਮਦਨ ਵਧਾਉਣ ਲਈ ਯਤਨਸ਼ੀਲ ਹੈ, ਜਦਕਿ ਕੁਝ ਲੋਕ ਬਿਨਾਂ ਵਜ੍ਹਾ ਵਿਕਾਸ ਕਾਰਜਾਂ 'ਚ ਅੜਿੱਕਾ ਡਾਹ ਰਹੇ ਹਨ | ਸਰਪੰਚ ਗੁਰਮੀਤ ਸਿੰਘ ਅਤੇ ਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ 10 ਦਸੰਬਰ 2024 ਨੂੰ ਤਤਕਾਲੀ ਡੀ.ਸੀ ਮਾਲੇਰਕੋਟਲਾ ਡਾ. ਪੱਲਵੀ ਵਲੋਂ ਰੇਜਿੰਗ ਆਫ ਅÏਰਚਿਡ ਤਹਿਤ ਇੱਥੇ 1000 ਬੂਟੇ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ 23 ਫਰਵਰੀ 2026 ਨੂੰ ਪੰਚਾਇਤ ਨੇ ਮੁੜ ਮਤਾ ਪਾ ਕੇ ਇਸ ਬੰਜਰ ਜ਼ਮੀਨ ਤੋਂ ਕਾਹੀ ਅਤੇ ਕੰਡਿਆਲੀਆਂ ਝਾੜੀਆਂ ਦੀ ਸਫ਼ਾਈ ਜੇ.ਸੀ.ਬੀ ਮਸ਼ੀਨ ਰਾਹੀਂ ਕਰਵਾਈ ਹੈ | ਸਰਪੰਚ ਅਨੁਸਾਰ ਜਿਹੜੀਆਂ ਝਾੜੀਆਂ ਮਜ਼ਦੂਰਾਂ ਤੋਂ ਸਾਫ਼ ਨਹੀਂ ਸੀ ਹੋ ਸਕਦੀਆਂ ਸਨ ਉਨ੍ਹਾਂ ਨੂੰ ਜੇ.ਸੀ.ਬੀ ਨਾਲ ਹਟਾਇਆ ਗਿਆ ਹੈ ਤੇ ਕਿਸੇ ਵੀ ਖੜ੍ਹੇ ਦਰੱਖਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ | ਆਮ ਆਦਮੀ ਪਾਰਟੀ ਦੇ ਆਗੂ ਅਤੇ ਖਾਦੀ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਦੇ ਭਲੇ ਲਈ ਬਿਨਾਂ ਕੋਈ ਪੈਸਾ ਲਏ ਆਪਣੇ ਨਿੱਜੀ ਟਰੈਕਟਰ ਅਤੇ ਜੇ.ਸੀ.ਬੀ ਮਸ਼ੀਨ ਨੂੰ ਸਫ਼ਾਈ ਲਈ ਭੇਜਿਆ ਸੀ, ਪਰ ਕੁਝ ਲੋਕ ਜਿਨ੍ਹਾਂ ਦਾ ਪਿੰਡ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਹੈ, ਬਿਨਾ ਕਿਸੇ ਸ਼ਿਕਾਇਤ ਕਰਤਾ ਤੋਂ ਪੰਚਾਇਤ ਕੋਲੋਂ ਦਰੱਖਤ ਪੁੱਟਣ ਦੀ ਪਰਮਿਸ਼ਨ ਮੰਗ ਕੇ ਗੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਕੋਈ ਦਰੱਖਤ ਪੁੱਟਿਆ ਹੀ ਨਹੀਂ ਗਿਆ, ਤਾਂ ਮਨਜ਼ੂਰੀ ਕਿਸ ਗੱਲ ਦੀ | ਨਿਆਮਤਪੁਰ ਨੇ ਆਖਿਆ ਕਿ ਝਾੜੀਆਂ ਦੀ ਸਫ਼ਾਈ ਕਰਦੇ ਸਮੇਂ ਉਨ੍ਹਾਂ ਨੂੰ ਖਾਮ-ਖਾਹ ਰੋਕਿਆ ਗਿਆ, ਜਿਸ ਨੰੂ ਲੈ ਕੇ ਸਾਡੀ ਆਪਸੀ ਬਹਿਸ ਵੀ ਹੋਈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਚਾਇਤ ਦੀ ਸੁਣਵਾਈ ਨਾ ਹੋਈ ਤਾਂ ਉਹ ਪੁਲਿਸ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ | ਜੀ.ਆਰ.ਐੱਸ ਬਲਾਕ ਅਮਰਗੜ੍ਹ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਥਾਂ 'ਤੇ ਬਾਗ਼ਬਾਨੀ ਵਿਭਾਗ ਦੀ ਮਦਦ ਨਾਲ ਅਮਰੂਦ ਹਿਸਾਰ ਸਫ਼ੈਦਾ ਅਤੇ ਤਾਈਵਾਨ ਪਿੰਕ, ਨਾਸ਼ਪਤੀ, ਆੜੂ, ਜਾਮਣ ਅਤੇ ਅੰਬ ਦੇ 1000 ਬੂਟੇ ਲਗਾਏ ਜਾਣਗੇ | ਇਸ ਨਾਲ ਜਿੱਥੇ ਪਿੰਡ ਦੀ ਆਮਦਨ ਵਧੇਗੀ, ਉੱਥੇ ਹੀ ਵਾਤਾਵਰਨ ਵੀ ਹਰਿਆ-ਭਰਿਆ ਹੋਵੇਗਾ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਹਰਪ੍ਰੀਤ ਸਿੰਘ ਰੂਪ ਰਾਏ, ਹਰਿੰਦਰ ਸਿੰਘ, ਰਾਮਧਨ ਸਿੰਘ, ਨੰਬਰਦਾਰ ਹਾਕਮ ਸਿੰਘ, ਹਰਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਅਤੇ ਮਨਰੇਗਾ ਸਕੱਤਰ ਗੁਰਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ |