ਮਲੇਰਕੋਟਲਾ, 11 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਮੌਜੂਦਾ ਸਮੇਂ ਪੰਜਾਬ ਦੇ ਅੰਦਰ ਸੂਬੇ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਪਹਿਲਕਦਮੀ ਕੀਤੀ ਜਾਵੇ | ਕਿਉਂਕਿ ਜਵਾਨੀ ਤੇ ਕਿਸਾਨੀ ਹੀ ਸਾਡੀ ਰੀੜ੍ਹ ਦੀ ਹੱਡੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਤੇ ਸਰਪੰਚ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਸਰਪੰਚ ਨਰੇਸ਼ ਕੁਮਾਰ ਨਾਰੀਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮਲੇਰਕੋਟਲਾ ਦੇ ਪ੍ਰਧਾਨ ਜਗਦੀਸ਼ ਸਿੰਘ ਬੁੰਗਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਬੀਤੇ ਸਮੇਂ ਜਦੋਂ ਪੰਜਾਬ ਦੇ ਅੰਦਰ ਪਹਿਲਵਾਨੀ ਖੇਤਰ ਦੇ ਵਿੱਚ ਭਲਵਾਨੀ ਜੁੱਸਿਆਂ ਦਾ ਬੋਲਬਾਲਾ ਹੁੰਦਾ ਸੀ ਤਾਂ ਖੇਡ ਮੈਦਾਨਾਂ ਦੇ ਅੰਦਰ ਨੌਜਵਾਨੀ ਦੇ ਜੁਸਿਆਂ ਨੂੰ ਵੇਖ ਕੇ ਭੁੱਖ ਲਹਿੰਦੀ ਸੀ ਪਰੰਤੂ ਪਿਛਲੇ ਸਮੇਂ ਤੋਂ ਸੂਬੇ ਦੀ ਨੌਜਵਾਨੀ ਬੇਰੁਜ਼ਗਾਰੀ ਜਾਂ ਹੋਰ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੁੰਦੀ ਚਲੀ ਗਈ | ਉਨ੍ਹਾਂ ਆਖਿਆ ਕਿ ਸੂਬੇ ਦੀ ਕਿਸਾਨੀ ਦੀ ਹਾਲਤ ਵੀ ਅੱਜ ਕੋਈ ਬਹੁਤੀ ਵਧੀਆ ਨਹੀਂ ਹੈ | ਪੰਜਾਬ ਦੇ ਅੰਦਰ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ | ਕੁਦਰਤੀ ਕਰੋਪੀ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਜੋ ਕੁਝ ਪਿਛਲੇ ਸਮੇਂ ਪੰਜਾਬ ਦੇ ਅੰਦਰ ਹੜ੍ਹਾਂ ਦੀ ਬਰਬਾਦੀ ਤੇ ਹੋਰ ਕੁਦਰਤੀ ਮਾਰਾਂ ਨਾਲ ਹੋਇਆ ਉਸ ਦੇ ਨਾਲ ਕਿਸਾਨੀ ਕਰਜ਼ੇ ਦੀ ਦਲਦਲ ਵਿੱਚ ਧੱਸਦੀ ਚਲੀ ਗਈ, ਜਿਸ ਦੀ ਬਦੌਲਤ ਬਹੁਤੇ ਕਿਸਾਨ ਪਰਿਵਾਰਾਂ ਦਾ ਹਾਲ ਅੱਜ ਸਾਡੇ ਸਭ ਦੇ ਸਾਹਮਣੇ ਹੈ | ਜੇਕਰ ਸੂਬੇ ਦੀ ਕਿਸਾਨੀ ਹੀ ਨਾ ਬਚੀ ਤਾਂ ਇੱਥੋਂ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ | ਜਿਸ ਦੀਆਂ ਅਨੇਕਾਂ ਉਦਾਹਰਨਾਂ ਹਨ ਕਿ ਜਿਸ ਦੇਸ਼ ਜਾਂ ਸੂਬੇ ਦੀ ਕਿਸਾਨੀ ਪ੍ਰਭਾਵਿਤ ਹੋਈ ਹੈ ਤਾਂ ਉਸ ਮੁਲਕ ਦਾ ਵੀ ਬੇਹੱਦ ਮੰਦਾ ਹਾਲ ਹੋਇਆ ਹੈ | ਪ੍ਰਧਾਨ ਜਗਦੀਸ਼ ਸਿੰਘ ਬੁੰਗਾ ਤੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਸਮੂਹ ਸੰਸਥਾਵਾਂ ਤੇ ਸਰਕਾਰਾਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਵੱਡੇ ਉਪਰਾਲੇ ਤਹਿਤ ਕੰਮ ਕਰਨ ਤਾਂ ਹੀ ਇਨ੍ਹਾਂ ਦਾ ਆਉਣ ਵਾਲਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ |