ਸੁਨਾਮ ਊਧਮ ਸਿੰਘ ਵਾਲਾ, 14 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੁਨਾਮ-ਬਠਿੰਡਾ ਸੜਕ 'ਤੇ ਹੋਏ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਸਮੇਂ ਮਿ੍ਤਕ ਦੇ ਭਰਾ ਮੱਖਣ ਸਿੰਘ ਪਿੰਡ ਕੁਲਾਰ ਖ਼ੁਰਦ ਨੇ ਦੱਸਿਆ ਕਿ ਉਸ ਦਾ ਭਰਾ ਬਲਕਾਰ ਸਿੰਘ ਉਰਫ਼ ਸੋਨੀ ਆਪਣੀ ਭੈਣ ਨੂੰ ਮਿਲਣ ਲਈ ਮੋਟਰਸਾਈਕਲ 'ਤੇ ਸ਼ੇਰੋਂ ਜਾ ਰਿਹਾ ਸੀ | ਜਿਵੇਂ ਹੀ ਉਹ ਸੁਨਾਮ-ਬਠਿੰਡਾ ਸੜਕ 'ਤੇ ਸਥਾਨਕ ਤਾਜ ਪੈਲੇਸ ਨੇੜੇ ਪੁੱਜਿਆ ਤਾਂ ਪਿੱਛੋਂ ਜਾ ਰਹੇ ਇਕ ਟਰਾਲੇ ਨੇ ਉਸ ਨੂੰ ਫੇਟ ਮਾਰ ਕੇ ਡੇਗ ਦਿੱਤਾ | ਜਿਸ ਕਾਰਨ ਮੇਰੇ ਭਰਾ ਬਲਕਾਰ ਸਿੰਘ ਉਰਫ਼ ਸੋਨੀ (30) ਪੁੱਤਰ ਰਾਜ ਸਿੰਘ ਵਾਸੀ ਪਿੰਡ ਕੁਲਾਰ ਖ਼ੁਰਦ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਵਲੋਂ ਇਸ ਮਾਮਲੇ 'ਚ ਟਰਾਲਾ ਚਾਲਕ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਜ ਕੋਹਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ |