ਮਲੇਰਕੋਟਲਾ, 15 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਅੱਜ ਨਵੀਂ ਅਨਾਜ ਮੰਡੀ ਮਲੇਰਕੋਟਲਾ ਵਿਖੇ ਕਣਕ ਦੀ ਚੱਲ ਰਹੀ ਖ਼ਰੀਦ ਪ੍ਰਕਿਰਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੰਡੀਆਂ ਵਿਚ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਨਿਰਵਿਘਨ ਢੰਗ ਨਾਲ ਜਾਰੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਵੀਰਾਂ ਦੀ ਜਿਨਸ ਦਾ ਇਕ-ਇਕ ਦਾਣਾ ਪਾਰਦਰਸ਼ੀ ਅਤੇ ਸੁਚਾਰੂ ਪ੍ਰਕਿਰਿਆ ਰਾਹੀਂ ਖ਼ਰੀਦਿਆ ਜਾ ਰਿਹਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਲਈ ਸਫ਼ਾਈ, ਪੀਣ ਵਾਲੇ ਪਾਣੀ, ਛਾਂ ਅਤੇ ਬੈਠਣ ਦੀਆਂ ਯੋਗ ਸਹੂਲਤਾਂ ਨੂੰ ਪਹਿਲਾਂ ਹੀ ਯਕੀਨੀ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਬਾਰਦਾਨੇ ਅਤੇ ਹੋਰ ਲੋੜੀਂਦੇ ਸਾਮਾਨ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਵਿਧਾਇਕ ਰਹਿਮਾਨ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿ ਉਹ ਸੁੱਕੀ, ਸਾਫ਼ ਅਤੇ 12 ਫ਼ੀਸਦੀ ਨਮੀਂ ਵਾਲੀ ਕਣਕ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖ਼ਰੀਦ ਪ੍ਰਕਿਰਿਆ ਵਿਚ ਹੋਰ ਵੀ ਤੇਜ਼ੀ ਆ ਸਕੇ | ਇਸ ਦੇ ਨਾਲ ਹੀ ਉਨ੍ਹਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਖਰੀਦੀ ਗਈ ਕਣਕ ਦੀ ਅਦਾਇਗੀ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਅੰਦਰ ਸਿੱਧੀ ਆਨਲਾਈਨ ਪ੍ਰਣਾਲੀ ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀ ਹੈ | ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਢੋਆ-ਢੁਆਈ, ਲਿਫ਼ਟਿੰਗ ਅਤੇ ਭੁਗਤਾਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ ਅਤੇ ਸਾਰੀ ਪ੍ਰਕਿਰਿਆ ਸਮੇਂ-ਸਿਰ ਮੁਕੰਮਲ ਕੀਤੀ ਜਾਵੇ | ਇਸ ਮੌਕੇ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਭੈਣੀ, ਗੁਰਮੀਤ ਸਿੰਘ ਬੁਰਜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਤੀਰਥ ਸਿੰਘ ਬੜੈਚ ਬੁਰਜ, ਡੀ.ਐਫ.ਐਸ.ਸੀ. ਡੇਜ਼ੀ ਮਹਿਤਾ, ਇੰਸੈਕਟਰ ਰਸ਼ਮਿੰਦਰ ਸਿੰਘ ਪਨਗ੍ਰੇਨ, ਗੁਰਸ਼ਰਨਜੀਤ ਸਿੰਘ ਪਨਸਪ, ਹਨੀ ਮਾਰਕਫੈੱਡ, ਰਵਿੰਦਰਜੀਤ ਕੌਰ ਵੇਅਰ ਹਾਊਸ ਤੋਂ ਇਲਾਵਾ ਮੀਤ ਪ੍ਰਧਾਨ ਐਡਵੋਕੇਟ ਸੁਖਚੈਨ ਸਿੰਘ ਭੂਦਨ, ਚੌਧਰੀ ਮੁਹੰਮਦ ਸ਼ੱਬੀਰ ਅਬਦਾਲੀ ਮੀਤ ਪ੍ਰਧਾਨ, ਨਛੱਤਰ ਸਿੰਘ ਭੂਦਨ ਖ਼ਜਾਨਚੀ, ਰਾਕੇਸ਼ ਕੁਮਾਰ ਰੌਕੀ ਮੈਂਬਰ, ਕਮਲ ਜਿੰਦਲ ਮੈਂਬਰ, ਅਮਨਿੰਦਰ ਸਿੰਘ ਮੀਡੀਆ ਇੰਚਾਰਜ, ਕਮਲਦੀਪ ਸਿੰਘ ਭੂਦਨ ਮੈਂਬਰ, ਕਰਨਵੀਰ ਸਿੰਘ, ਅਬਦੁੱਲ ਸ਼ਕੂਰ ਕਿਲ੍ਹਾ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਚੇਅਰਮੈਨ ਸੰਤੋਖ ਸਿੰਘ, ਵਿਕਾਸ ਜੈਨ, ਸੰਜੇ ਜਿੰਦਲ, ਮੁਹੰਮਦ ਯਾਮੀਨ, ਮੁਹੰਮਦ ਨਾਸਰ ਆਦਿ ਮੌਜੂਦ ਸਨ |