ਮਾਲੇਰਕੋਟਲਾ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਹਿਲਾ ਰਾਖਵਾਂਕਰਨ ਬਿਲ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲ ਕੇ ਦੇਸ਼ ਨੂੰ ਗੁਮਰਾਹ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਇਸ ਝੂਠ ਨੂੰ ਨੰਗਾ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕੀਤਾ | ਸੰਸਦ ਮੈਂਬਰ ਡਾਕਟਰ ਅਮਰ ਸਿੰਘ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸੀਨੀਅਰ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਵੀ ਹਾਜ਼ਰ ਰਹੇ | ਸਾਂਸਦ ਡਾ. ਅਮਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ ਅੰਦਰ ਕੇਂਦਰੀ ਹਕੂਮਤ ਵਲੋਂ ਸੱਤਾ ਤੇ ਕਬਜ਼ਾ ਬਣਾਈ ਰੱਖਣ ਦੇ ਲਈ ਦੇਸ਼ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਮਹਿਲਾ ਰਾਖਵਾਂਕਰਨ ਬਿਲ ਦੀ ਆੜ ਹੇਠ ਲੋਕ ਸਭਾ ਤੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਵਰਗੇ ਬਿਲ ਪੇਸ਼ ਕੀਤੇ ਜਾ ਰਹੇ ਸਨ ਜਿਸ ਨਾਲ ਪੰਜਾਬ ਵਰਗੇ ਸੂਬਿਆਂ ਦੀ ਅਨੁਪਾਤਕ ਹਿੱਸੇਦਾਰੀ ਘੱਟ ਹੋ ਜਾਵੇਗੀ ਜਦਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਦੀ ਵੱਧ ਜਾਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮਹਿਲਾ ਰਾਖਵਾਂਕਰਨ ਬਿੱਲ ਨੂੰ ਨੁਕਸਾਨ ਪਹੁੰਚਾ ਕੇ ਇਸ ਦਾ ਦੋਸ਼ ਵਿਰੋਧੀ ਧਿਰਾਂ 'ਤੇ ਮੜਨ ਦੀ ਕੋਸ਼ਿਸ਼ ਕਰ ਰਹੀ ਹੈ | ਕਾਂਗਰਸ ਆਗੂਆਂ ਨੇ ਸਪਸ਼ਟ ਕੀਤਾ ਕਿ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਨਹੀਂ ਸਗੋਂ ਹੱਦਬੰਦੀ ਬਿਲ ਰੱਦ ਹੋਇਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੇ ਮਹਿਲਾ ਰਾਖਵਾਂਕਰਨ ਕਰ ਬਿੱਲ ਦੇ ਨਾਂ 'ਤੇ ਚੁੱਪ-ਚਾਪ ਹੱਦਬੰਦੀ ਬਿਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਜਦਕਿ ਇਹ ਬਿਲ 2023 ਵਿਚ ਪਹਿਲਾਂ ਹੀ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਬਰਾਬਰੀ ਦੇ ਅਧਿਕਾਰ ਤੇ ਰਾਖਵਾਂਕਰਨ ਦੇਣ ਲਈ ਕਾਂਗਰਸ ਨੂੰ ਭਾਜਪਾ ਤੋਂ ਆਗਿਆ ਦੀ ਲੋੜ ਨਹੀਂ | ਡਾ. ਅਮਰ ਸਿੰਘ ਨੇ ਆਖਿਆ ਕਿ 16 ਤੋਂ 18 ਅਪ੍ਰੈਲ ਤੱਕ ਲੋਕ ਸਭਾ ਵਿਚ ਮਸਲਾ ਰਾਖਵਾਂਕਰਨ ਨਾਲ ਜੁੜਿਆ ਹੋਇਆ ਨਹੀਂ ਸੀ ਬਲਕਿ ਮਸਲਾ ਤਾਂ ਹੱਦਬੰਦੀ ਬਿਲ ਨਾਲ ਸੰਬੰਧਿਤ ਸੀ | ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਅਜਿਹਾ ਸਮਾਂ ਚੁਣਿਆ ਜਦ ਤਾਮਿਲਨਾਡੂ ਤੇ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹੋਣ ਤਾਂ ਜੋ ਟੀ.ਐਮ. ਕੇ. ਤੇ ਡੀ.ਐਮ.ਕੇ. ਦੇ ਲੋਕ ਸਭਾ ਮੈਂਬਰ ਚੋਣਾਂ ਦੌਰਾਨ ਵਿਅਸਤ ਹੋਣ ਕਾਰਨ ਸੈਸ਼ਨ ਦਾ ਹਿੱਸਾ ਹੀ ਨਾ ਬਣ ਸਕਣ | ਸੰਸਦ ਮੈਂਬਰ ਨੇ ਆਖਿਆ ਕਿ ਭਾਜਪਾ ਦੇ ਮਾੜੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਭਾਜਪਾ ਦੀ ਇਹ ਨੀਤੀ ਦੇਸ਼ ਦਾ ਰਾਜਨੀਤਿਕ ਨਕਸ਼ਾ ਬਦਲ ਕੇ ਰੱਖ ਦੇਵੇਗੀ | ਇਸ ਮੌਕੇ ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ, ਮੁੱਖ ਬੁਲਾਰਾ ਮਾਲੇਰਕੋਟਲਾ ਹਾਊਸ ਅਨਵਾਰ ਮਹਿਬੂਬ, ਸੀਨੀਅਰ ਆਗੂ ਨਿਰਮਲਜੀਤ ਸਿੰਘ, ਪਿੰਦੂ ਕੰਗਣਵਾਲ ਆਦਿ ਹਾਜ਼ਰ ਸਨ |