ਪੰਜਾਬ ਸਰਕਾਰ ਦਾ ਸਾਢੇ ਚਾਰ ਸਾਲਾਂ ਦੇ ਕਰੀਬ ਕਾਰਜਕਾਲ ਲੰਘਣ ਦੇ ਬਾਵਜੂਦ ਵੀ ਨਹੀਂ ਬਣ ਸਕੀਆਂ ਸੰਗਰੂਰ ਸ਼ਹਿਰ ਦੀਆਂ ਖ਼ਸਤਾ ਹਾਲਤ ਅੰਦਰੂਨੀ ਸੜਕਾਂ <br/>
ਅਜੀਤ ਡੈਸਕ
24-04-2026
ਦੇਰੀ ਜ਼ਰੂਰ ਹੋਈ ਹੈ ਪਰ ਹੁਣ ਕਾਬਲੇ ਤਾਰੀਫ਼ ਬਣਨਗੀਆ ਸ਼ਹਿਰ ਦੀਆਂ ਸੜਕਾਂ -ਪ੍ਰਧਾਨ ਭੁਪਿੰਦਰ ਸਿੰਘ ਨਹਿਲ
ਸੰਗਰੂਰ:- ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨਾਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਖਸਤਾ ਹਾਲਤ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਦੀਆਂ ਕਈ ਅੰਦਰੂਨੀ ਸੜਕਾਂ ਦਾ ਕਾਇਆ ਕਲਪ ਕਰ ਦਿੱਤਾ ਜਾਵੇਗਾ ਅਤੇ ਜਿਸ ਲਈ ਲਗਪਗ 6 ਕਰੋੜ ਰੁਪਏ ਦੇ ਕੰਮਾਂ ਦਾ ਟੈਂਡਰ ਕੰਪਨੀ ਨੰੂ ਅਲਾਟ ਕਰ ਦਿੱਤਾ ਗਿਆ ਹੈ | ਉਨ੍ਹਾਂ ਮੰਨਿਆ ਕਿ ਪਟਿਆਲਾ ਗੇਟ ਬਾਜ਼ਾਰ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਹੈ ਅਤੇ ਇਸ ਨੰੂ ਬਨਾਉਣ ਵਿੱਚ ਵੀ ਦੇਰੀ ਹੋਈ ਹੈ ਪਰ ਇਸ ਦੇਰੀ ਲਈ ਨਗਰ ਕੌਂਸਲ ਲਈ ਸਗੋਂ ਸੜਕ ਦਾ ਟੈਂਡਰ ਲੈਣ ਵਾਲੀ ਕੰਪਨੀ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਪਹਿਲਾ ਜਿਸ ਕੰਪਨੀ ਨੰੂ ਦਿੱਤਾ ਗਿਆ ਸੀ ਉਸ ਨੇ ਇਸ ਨੰੂ ਬਨਾਉਣ ਵਿੱਚ ਬਹੁਤ ਦੇਰੀ ਕੀਤੀ ਅਤੇ ਨਗਰ ਕੌਂਸਲ ਵੱਲੋਂ ਲੜੀਵਾਰ ਉਸ ਕੰਪਨੀ ਨੰੂ ਚਾਰ ਨੋਟਿਸ ਜਾਰੀ ਕੀਤੇ ਗਏ ਪਰ ਕੰਪਨੀ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ ਦੇ ਚੱਲਦਿਆ ਉਸ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ | ਪ੍ਰਧਾਨ ਨਹਿਲ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਹੁਣ ਸ਼ਹਿਰ ਦੀਆਂ ਕਰੀਬ ਅੱਧਾ ਦਰਜਨ ਸੜਕਾਂ ਦਾ ਕੰਮ ਪੰਜਾਬ ਦੀ ਇੱਕ ਵੱਡੀ ਕੰਸਟਰੱਕਸ਼ਨ ਕੰਪਨੀ ਨੰੂ ਦਿੱਤਾ ਗਿਆ ਹੈ ਜੋ ਚੜ੍ਹਦੇ ਮਹੀਨੇ ਸੜਕਾਂ ਦਾ ਕੰਮ ਸ਼ੁਰੂ ਕਰ ਦੇਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਬਣਨ ਵਾਲੀਆਂ ਸੜਕਾਂ ਕਾਬਲੇ ਤਾਰੀਫ਼ ਹੋਣਗੀਆਂ ਪਰ ਫੇਰ ਵੀ ਜੇਕਰ ਕਿਸੇ ਸ਼ਹਿਰ ਵਾਸੀ ਨੰੂ ਇਨ੍ਹਾਂ ਸੜਕਾਂ ਦੇ ਕੰਮ ਸਬੰਧੀ ਕੋਈ ਸ਼ਿਕਾਇਤ ਹੋਈ ਤਾਂ ਉਹ ਚੱਲਦੇ ਕੰਮ ਦੌਰਾਨ ਵੀ ਖ਼ੁਦ ਉਨ੍ਹਾਂ ਕੋਲ ਜਾਂ ਨਗਰ ਕੌਂਸਲ ਦੇ ਸੰਬੰਧਤ ਅਧਿਕਾਰੀਆਂ ਪਾਸ ਪਹੁੰਚ ਕਰ ਸਕਦਾ ਹੈ |