ਧੂਰੀ, 24 ਅਪ੍ਰੈਲ (ਭੁੱਲਰ, ਲਹਿਰੀ, ਧਾਂਦਰਾ) - ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਅੱਜ ਪਿੰਡ ਹਰਚੰਦਪੁਰਾ ਵਿਖੇ ਸਥਿਤ ਗਊਸ਼ਾਲਾ ਦਾ ਦੌਰਾ ਕਰਕੇ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਪ੍ਰਬੰਧਕਾਂ ਅਤੇ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਹਾਲ ਹੀ ਵਿੱਚ ਵਾਪਰੀ ਅੱਗ ਦੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗਊਸ਼ਾਲਾ ਵਿੱਚ ਸਟੋਰ ਕੀਤੀ ਤੂੜੀ ਨੂੰ ਅਚਾਨਕ ਅੱਗ ਲੱਗ ਗਈ ਸੀ, ਜਿਸ ਕਾਰਨ ਵੱਡੇ ਪੱਧਰ 'ਤੇ ਚਾਰੇ ਦਾ ਨੁਕਸਾਨ ਹੋਇਆ | ਓ.ਐਸ.ਡੀ. ਸੁਖਵੀਰ ਸਿੰਘ ਨੇ ਮੌਕੇ 'ਤੇ ਨੁਕਸਾਨ ਦੀ ਸਮੀਖਿਆ ਕਰਦਿਆਂ ਕਿਹਾ ਕਿ ਗਊਸ਼ਾਲਾ ਵਿੱਚ ਰਹਿੰਦੇ ਪਸ਼ੂਆਂ ਦੀ ਸੰਭਾਲ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਉਨ੍ਹਾਂ ਨੇ ਅੱਗ ਤੋਂ ਬਚਾਅ ਲਈ ਅਗਾਊਾ ਇੰਤਜ਼ਾਮ, ਜਿਵੇਂ ਕਿ ਸੁਰੱਖਿਆ ਉਪਕਰਨ, ਪਾਣੀ ਦੀ ਉਪਲਬਧਤਾ ਅਤੇ ਸਟੋਰੇਜ ਪ੍ਰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਨੇ ਓ.ਐਸ.ਡੀ. ਸੁਖਵੀਰ ਸਿੰਘ ਨੂੰ ਅੱਗ ਦੀ ਘਟਨਾ ਤੋਂ ਬਾਅਦ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ ਅਤੇ ਤੁਰੰਤ ਦੌਰਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਲੱਖਾ, ਗਊਸ਼ਾਲਾ ਕਮੇਟੀ ਦੇ ਖ਼ਜ਼ਾਨਚੀ ਬਸੰਤ ਕੁਮਾਰ, ਚੌਧਰੀ ਪਵਨ ਕੁਮਾਰ ਵਰਮਾ, ਐਡਵੋਕੇਟ ਬਿ੍ਜ ਭੂਸ਼ਣ, ਟੇਕ ਬਹਾਦਰ ਸਮੇਤ ਗਊਸ਼ਾਲਾ ਦੇ ਹੋਰ ਪ੍ਰਬੰਧਕ ਵੀ ਮੌਜੂਦ ਸਨ |