ਅਮਰਗੜ੍ਹ, 24 ਅਪ੍ਰੈਲ (ਜਤਿੰਦਰ ਮੰਨਵੀਂ, ਪਵਿੱਤਰ ਸਿੰਘ)-ਭਾਰਤੀ ਜਨਤਾ ਪਾਰਟੀ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਸਾਰੇ ਵਾਰਡਾਂ 'ਚ ਆਪਣੇ ਦਮ ਤੇ ਚੋਣ ਲੜੇਗੀ ਤੇ ਅਜਿਹੇ ਸਿਪਾਹੀਆਂ ਨੂੰ ਚੋਣ ਮੈਦਾਨ 'ਚ ਉਤਾਰਾਂਗੀ ਜਿਨ੍ਹਾਂ ਦੇ ਕਿਰਦਾਰ 'ਚ ਇਮਾਨਦਾਰੀ ਦੀ ਖ਼ੁਸ਼ਬੂ ਅਤੇ ਦਿਲ ਵਿਚ ਲੋਕਾਂ ਲਈ ਦਰਦ ਹੋਵੇ | ਇਹ ਐਲਾਨ ਭਾਜਪਾ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਹੀਰਾ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ ਗਿਆ | ਉਨ੍ਹਾਂ ਨਗਰ ਪੰਚਾਇਤ ਅਤੇ ਮਿਊਾਸੀਪਲ ਕਮੇਟੀ ਚੋਣਾਂ 'ਚ ਭਾਜਪਾ ਦੀ ਜਿੱਤ ਦਾ ਦਾਅਵਾ ਕਰਦਿਆਂ ਆਖਿਆ ਕਿ ਭਾਜਪਾ ਇਸ ਵਾਰ ਵਿਕਾਸ, ਸਿਹਤ ਅਤੇ ਸਿੱਖਿਆ ਦੇ ਮੁੱਦਿਆਂ ਨੂੰ ਲੈ ਕੇ ਜਨਤਾ ਦੀ ਕਚਹਿਰੀ 'ਚ ਜਾਵੇਗੀ | ਉਨ੍ਹਾਂ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਆਪ ਸਰਕਾਰ ਦੇ ਵਿਕਾਸ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਦਾ ਸ਼ਿੰਗਾਰ ਹਨ, ਜਦਕਿ ਜ਼ਮੀਨੀ ਹਕੀਕਤ ਬੇਹੱਦ ਨਿਰਾਸ਼ਾਜਨਕ ਹੈ | ਅਹਿਮਦਗੜ੍ਹ ਵਰਗੇ ਸ਼ਹਿਰ 'ਚ ਅਜੇ ਤੱਕ ਜਿੱਥੇ ਕੂੜੇ ਦੇ ਨਿਪਟਾਰੇ ਲਈ ਕੋਈ ਡੰਪ ਨਹੀਂ ਬਣ ਸਕਿਆ ਉੱਥੇ ਹੀ ਅਮਰਗੜ੍ਹ ਸ਼ਹਿਰ ਦੀ ਖ਼ਸਤਾ ਹਾਲਤ ਕਿਸੇ ਤੋਂ ਛੁਪੀ ਨਹੀਂ ਹੈ |ਅਮਰਗੜ੍ਹ ਅਤੇ ਅਹਿਮਦਗੜ੍ਹ ਵਾਸੀਆਂ ਨਾਲ ਵਾਅਦਾ ਕਰਦਿਆਂ ਹੀਰਾ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਜਨਤਾ ਭਾਜਪਾ ਨੂੰ ਸੇਵਾ ਦਾ ਮੌਕਾ ਦਿੰਦੀ ਹੈ, ਤਾਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਸ਼ਹਿਰਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ | ਪੰਜਾਬ 'ਚ ਭਾਜਪਾ ਦੇ ਆਉਣ ਨਾਲ ਹੀ ਸੂਬੇ ਨੂੰ ਅਪਰਾਧ ਮੁਕਤ ਕਰਕੇ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕਦਾ ਹੈ |