ਅਹਿਮਦਗੜ੍ਹ, 24 ਅਪ੍ਰੈਲ (ਸੁਖਜੀਤ ਸਿੰਘ ਖੇੜਾ)-ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਇਨਪੁਟ (ਖਾਦ, ਬੀਜ ਅਤੇ ਕੀਟਨਾਸ਼ਕ) ਵਪਾਰੀਆਂ 'ਤੇ ਲਗਾਏ ਜਾ ਰਹੇ ਨਵੇਂ ਕਾਨੂੰਨਾਂ ਅਤੇ ਬੇਨਿਯਮੀਆਂ ਦੇ ਵਿਰੋਧ ਵਿਚ ਭਾਰਤ ਲੈਵਲ ਦੀ ਸੰਸਥਾ ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਨੇ 27 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ | ਇਸ ਸੰਘਰਸ਼ ਦੀ ਗੂੰਜ ਅਹਿਮਦਗੜ੍ਹ ਵਿਚ ਵੀ ਸਪੱਸ਼ਟ ਤੌਰ 'ਤੇ ਸੁਣਾਈ ਦੇ ਰਹੀ ਹੈ, ਜਿੱਥੇ ਸਥਾਨਕ ਖਾਦ ਅਤੇ ਕੀਟਨਾਸ਼ਕ ਐਸੋਸੀਏਸ਼ਨ ਨੇ ਸ਼ਹਿਰ ਦੀਆਂ ਸਾਰੀਆਂ ਖਾਦ, ਕੀਟਨਾਸ਼ਕ ਅਤੇ ਬੀਜ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਹੈ | ਪੁਰਾਣੀ ਅਨਾਜ ਮੰਡੀ ਵਿਚ ਰਾਜੇਂਦਰ ਖਾਦ ਦਫ਼ਤਰ ਵਿਖੇ ਹੋਈ ਫਰਟੀਲਾਈਜ਼ਰਜ ਐਂਡ ਪੈਸਟੀਸਾਈਡ ਐਸੋਸੀਏਸ਼ਨ ਅਹਿਮਦਗੜ੍ਹ ਦੀ ਇੱਕ ਐਮਰਜੈਂਸੀ ਮੀਟਿੰਗ ਵਿਚ ਸੰਗਠਨ ਦੇ ਪ੍ਰਧਾਨ ਰਾਜਨ ਗੋਇਲ ਤੇ ਅਮਰਿੰਦਰ ਸਿੰਘ ਬਬਲੂ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਵਪਾਰੀਆਂ ਦੀ ਹੋਂਦ ਲਈ ਖ਼ਤਰਾ ਹਨ | ਅਹਿਮਦਗੜ੍ਹ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਗੋਇਲ, ਸਕੱਤਰ ਸੁਮਿਤ ਗਰਗ ਅਤੇ ਖ਼ਜ਼ਾਨਚੀ ਪ੍ਰੇਮਚੰਦ ਬਬਲਾ ਨੇ ਪੰਜਾਬ ਸੂਬਾ ਪ੍ਰਧਾਨ ਵਰਿੰਦਰ ਸਿੰਘ ਕਪੂਰ ਨੂੰ ਭਰੋਸਾ ਦਿਵਾਇਆ ਕਿ ਅਹਿਮਦਗੜ੍ਹ ਦਾ ਹਰ ਡੀਲਰ, ਵੱਡਾ ਜਾਂ ਛੋਟਾ, ਇਸ ਹੜਤਾਲ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕਰੇਗਾ | ਅਹਿਮਦਗੜ੍ਹ ਦੇ ਵਪਾਰੀਆਂ ਦਾ ਨਾਅਰਾ ਹੈ 'ਜੇ ਵਪਾਰੀ ਮਜ਼ਬੂਤ ਹੋਣਗੇ, ਤਾਂ ਕਿਸਾਨ ਖ਼ੁਸ਼ਹਾਲ ਹੋਣਗੇ |' ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਡਾ ਸਾਥ ਦਿੰਦੇ ਹੋਏ ਸਾਡੀ ਮਜਬੂਰੀ ਨੂੰ ਸਮਝਦੇ ਹੋਏ ਜਿੱਥੇ ਐਤਵਾਰ ਨੂੰ ਦੁਕਾਨਾਂ ਵੈਸੇ ਹੀ ਬੰਦ ਹੁੰਦੀਆਂ ਹਨ ਉੱਥੇ ਸੋਮਵਾਰ ਨੂੰ 27 ਅਪ੍ਰੈਲ ਨੂੰ ਵੀ ਦੁਕਾਨਾਂ ਬੰਦ ਰਹਿਣਗੀਆਂ ਤਾਂ ਕਿ ਸਾਡੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਗੰਭੀਰ ਹੋ ਸਕੇ | ਇਸ ਮੌਕੇ ਪ੍ਰਧਾਨ ਰਾਜਨ ਗੋਇਲ, ਮੀਤ ਪ੍ਰਧਾਨ ਮਨੀਸ਼ ਕੁਮਾਰ, ਸੈਕਟਰੀ ਸਮਿਤ ਗਰਗ, ਖ਼ਜ਼ਾਨਚੀ ਪ੍ਰੇਮ ਚੰਦ ਬਬਲਾ ਤੋ ਇਲਾਵਾ ਅਮਰਿੰਦਰ ਸਿੰਘ ਬਬਲੂ, ਰਮੇਸ਼ ਕੁਮਾਰ, ਰੋਹਿਤ ਗੁਪਤਾ, ਨਵੀਨ ਗੋਇਲ, ਰਜੀਵ ਸਿੰਗਲਾ, ਸੁਖਵਿੰਦਰ ਪਾਲ ਗਾਂਧੀ, ਪ੍ਰਦੀਪ ਗਰਗ, ਰਕੇਸ਼ ਕੁਮਾਰ ਕਾਕਾ, ਗੌਤਮ ਜੈਨ, ਰਜੀਵ ਜੈਨ, ਕਿਰਨਪਾਲ ਸਿੰਘ, ਵਿਸ਼ਾਲ ਸਿੰਗਲਾ, ਪਦੀਪ ਬਿੱਟੂ, ਚਿਰਾਗਦੀਨ, ਰਾਜਿੰਦਰ ਗੋਇਲ ਮੱਟੀ ਆਦਿ ਮੈਂਬਰ ਹਾਜ਼ਰ ਸਨ |