ਸ਼ੇਰਪੁਰ, 27 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਪਿੰਡ ਦੇ ਦੋ ਬਾਰ ਸਰਪੰਚ ਰਹੇ ਤੇ ਸਾਬਕਾ ਫ਼ੌਜੀ ਵਿਅਕਤੀ ਕੋਲੋਂ ਉਸ ਦੀ ਝੂਠੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਇੱਕ ਗਿਰੋਹ ਵੱਲੋਂ ਧੋਖੇ ਨਾਲ 5 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਗੁਰਪਾਲ ਸਿੰਘ ਅਤੇ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਹੇੜੀਕੇ ਜੋ ਕਿ ਸੇਵਾਮੁਕਤ ਸੂਬੇਦਾਰ ਹੈ ਤੇ ਪਿੰਡ ਦਾ ਦੋ ਬਾਰ ਸਰਪੰਚ ਰਹਿ ਚੁੱਕਾ ਹੈ ਵੱਲੋਂ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਕੋਲ ਦਰਖ਼ਾਸਤ ਪੇਸ਼ ਕੀਤੀ ਗਈ ਸੀ ਕਿ ਮੈਂ ਕਸਬਾ ਸ਼ੇਰਪੁਰ ਵਿਖੇ ਮਕਾਨ ਲੈਣਾ ਸੀ ਜਿਸ ਬਾਬਤ ਮੇਰੇ ਪਿੰਡ ਹੇੜੀਕੇ ਦੀ ਰਹਿਣ ਵਾਲੀ ਸ਼ਿੰਦਰ ਕੌਰ ਪਤਨੀ ਸੁਖਪਾਲ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਮੈਨੂੰ ਦੱਸਿਆ ਕਿ ਸਨ ਸਿਟੀ ਕਲੋਨੀ ਵਿੱਚ ਮੇਰੀ ਸਹੇਲੀ ਹਰਜੀਤ ਕੌਰ ਦਾ ਮਕਾਨ ਵਿਕਾਊ ਹੈ | ਮੇਰਾ ਮੋਬਾਈਲ ਨੰਬਰ ਸ਼ਿੰਦਰ ਕੌਰ ਨੇ ਅੱਗੇ ਆਪਣੀ ਸਾਥਣ ਸਰਬਜੀਤ ਕੌਰ ਸ਼ੇਰਪੁਰ ਨੂੰ ਦੇ ਦਿੱਤਾ ਤੇ ਉਸ ਦਾ ਫ਼ੋਨ ਮੈਨੂੰ ਆਇਆ ਕਿ ਤੁਸੀਂ ਮਕਾਨ ਖ਼ਰੀਦਣਾ ਹੈ | ਮੇਰੇ ਹਾਂ ਕਹਿਣ ਤੇ ਉਸ ਨੇ ਕਿਹਾ ਕਿ ਮੇਰਾ ਘਰਵਾਲਾ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੇ ਸਨ ਸਿਟੀ ਕਲੋਨੀ ਵਿੱਚ ਆ ਜਾਵੋ ਤੁਹਾਨੂੰ ਮਕਾਨ ਦਿਖਾ ਦਿੰਦੇ ਹਾਂ | ਮੈਂ ਸਨ ਸਿਟੀ ਕਲੋਨੀ ਵਿੱਚ ਦੱਸੇ ਗਏ ਮਕਾਨ ਵਿੱਚ ਚਲਾ ਗਿਆ ਜਿੱਥੇ ਮੈਨੂੰ ਸਰਬਜੀਤ ਕੌਰ ਮਿਲੀ | ਥੋੜੀ ਦੇਰ ਬਾਅਦ ਉੱਥੇ ਇੱਕ ਆਦਮੀ ਤੇ ਅÏਰਤ ਹੋਰ ਆ ਗਏ ਤੇ ਮੈਨੂੰ ਧਮਕੀਆਂ ਦੇਣ ਲੱਗ ਗਏ ਕਿ ਤੂੰ ਮੇਰੀ ਭਰਜਾਈ ਨਾਲ ਕੀ ਕਰ ਰਿਹਾ ਹੈ | ਫੇਰ ਉਹ ਮੇਰੀ ਵੀਡੀਓ ਬਨਾਉਣ ਲੱਗ ਗਏ ਤੇ ਥੋੜੀ ਦੇਰ ਬਾਅਦ ਹੀ ਸ਼ਿੰਦਰ ਕੌਰ ਉੱਥੇ ਆ ਗਈ | ਉਸ ਨੇ ਕਿਹਾ ਕਿ ਇਹ ਮੇਰੇ ਪਿੰਡ ਦਾ ਮੋਹਤਵਰ ਬੰਦਾ ਹੈ ਮੈਂ ਸਮਝੌਤਾ ਕਰਵਾ ਦਿੰਦੀ ਹਾਂ | ਫਿਰ ਉਨ੍ਹਾਂ ਮੇਰੇ ਕੋਲੋਂ 6 ਲੱਖ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਨਹੀਂ ਤਾਂ ਅਸੀਂ ਗੱਲ ਥਾਣੇ ਲੈ ਕੇ ਜਾਵਾਂਗੇ ਤੇ ਅਸ਼ਲੀਲ ਵੀਡੀਓ ਵਾਇਰਲ ਕਰਾਂਗੇ | ਤਾਂ ਮੈਂ ਆਪਣੀ ਬੇਇੱਜ਼ਤੀ ਤੋਂ ਡਰਦਾ 5 ਲੱਖ ਦੇਣ ਲਈ ਰਾਜੀ ਹੋ ਗਿਆ ਤੇ ਇਨ੍ਹਾਂ ਨੇ ਮੇਰੇ ਖਾਲੀ ਅਸ਼ਟਾਮ ਤੇ ਦਸਤਖ਼ਤ ਕਰਵਾ ਲਏ | ਫੇਰ ਮੈਂ ਸ਼ਿੰਦਰ ਕੌਰ ਨੂੰ ਦੋ ਵਾਰੀਆਂ ਵਿੱਚ 2.50 ਲੱਖ ਤੇ 2.50 ਲੱਖ ਕਰ ਕੇ ਕੁੱਲ 5 ਲੱਖ ਰੁਪਏ ਦੇ ਦਿੱਤੇ | ਪੀੜਤ ਅਮਰਜੀਤ ਸਿੰਘ ਨੂੰ ਫਿਰ ਅਖ਼ਬਾਰ ਪੜਨ ਤੇ ਪਤਾ ਲੱਗਾ ਕਿ ਇਨ੍ਹਾਂ ਖ਼ਿਲਾਫ਼ ਬਰਨਾਲਾ ਵਿਖੇ ਵੀ ਅਜਿਹਾ ਹੀ ਮੁਕੱਦਮਾ ਦਰਜ ਹੋਇਆ ਹੈ ਤਾਂ ਉਹ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਰਾਜੀ ਹੋਇਆ | ਮਾਮਲੇ ਦੀ ਪੜਤਾਲ ਮੁਕੰਮਲ ਹੋਣ ਉਪਰੰਤ ਸ਼ੇਰਪੁਰ ਪੁਲਿਸ ਵੱਲੋਂ ਸ਼ਿੰਦਰ ਕੌਰ ਪਤਨੀ ਸੁਖਪਾਲ ਸਿੰਘ ਵਾਸੀ ਹੇੜੀਕੇ, ਸਰਬਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਜਗਤਾਰ ਸਿੰਘ, ਹਰਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀਆਨ ਸ਼ੇਰਪੁਰ ਅਤੇ ਇੱਕ ਹੋਰ ਨਾਮਲੂਮ ਵਿਅਕਤੀ ਦੇ ਖ਼ਿਲਾਫ਼ ਡਰਾ ਧਮਕਾ ਕੇ 5 ਲੱਖ ਰੁਪਏ ਹੜੱਪਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਐਸ.ਐੱਚ.ਓ ਥਾਣਾ ਸ਼ੇਰਪੁਰ ਸਬ-ਇੰਸਪੈਕਟਰ ਗੁਰਪਾਲ ਸਿੰਘ ਅਤੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |