ਸੰਗਰੂਰ, 27 ਅਪ੍ਰੈਲ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ 50 ਸਾਲ ਪਿੱਛੇ ਜਾ ਚੁੱਕੇ ਪੰਜਾਬ ਨੰੂ ਮੁੜ ਪੈਰਾ ਉੱਤੇ ਖੜ੍ਹਾ ਕਰ ਕੇ ਰੰਗਲਾ ਪੰਜਾਬ ਬਨਾਉਣ ਲਈ ਕੇਂਦਰ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੋੜ ਹੈ | ਸ੍ਰੀ ਸ਼ਰਮਾ ਅੱਜ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਅਤੇ ਅਮਨਦੀਪ ਸਿੰਘ ਪੂਨੀਆ ਦੀ ਰਿਹਾਇਸ਼ ਵਿਖੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇੱਥੇ ਸਰਗਰਮ ਸਾਰੀਆਂ ਸਿਆਸੀ ਪਾਰਟੀਆਂ ਨੰੂ ਸਰਕਾਰ ਬਨਾਉਣ ਦਾ ਮੌਕਾ ਦੇ ਕੇ ਦੇਖ ਲਿਆ ਹੈ ਪਰ ਲੋਕਾਂ ਦੇ ਹੱਥ ਨਿਰਾਸ਼ਾ ਅਤੇ ਝੂਠੇ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਪਿਆ ਅਤੇ ਜੇਕਰ ਲੋਕ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਂਦੇ ਹਨ ਤਾਂ ਫ਼ਰਕ ਖ਼ੁਦ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਕਿਉਂਕਿ ਜੇਕਰ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਦੀ ਸਰਕਾਰ ਕਿਸੇ ਸੂਬੇ ਵਿੱਚ ਬਣਦੀ ਹੈ ਤਾਂ ਉਸ ਸੂਬੇ ਨੰੂ ਵੱਡੇ ਫ਼ਾਇਦੇ ਹੁੰਦੇ ਹਨ ਜਿਸ ਦੀ ਪ੍ਰਤੱਖ ਉਦਾਹਰਨ ਦੇ ਤੌਰ ਉੱਤੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਨੰੂ ਦੇਖਿਆ ਜਾ ਸਕਦਾ ਹੈ | ਸ੍ਰੀ ਸ਼ਰਮਾ ਨੇ ਕਿਹਾ ਕਿ 50-60 ਸਾਲ ਪਹਿਲਾਂ ਤੋਂ ਇਹ ਗੱਲ ਬੜੀ ਮਸ਼ਹੂਰ ਸੀ ਕਿ ਪੰਜਾਬ ਦੇ ਲੁਧਿਆਣਾ ਅੰਦਰ ਹਰ ਘਰ ਵਿੱਚ ਫ਼ੈਕਟਰੀਆਂ ਜਾਂ ਕਾਰਖ਼ਾਨੇ ਖੋਲ੍ਹ ਕੇ ਲੋਕ ਵਪਾਰ ਕਰ ਰਹੇ ਹਨ ਅਤੇ ਜੇਕਰ ਪੰਜਾਬ ਦੀਆਂ ਸਰਕਾਰਾਂ ਵਪਾਰ ਨੰੂ ਲੈ ਕੇ ਸੁਹਿਰਦ ਹੁੰਦੀਆਂ ਤਾਂ ਅੱਜ ਪੰਜਾਬ ਦੇਸ਼ ਭਰ ਵਿੱਚ ਉਦਯੋਗਿਕ ਹੱਬ ਵਜੋਂ ਵਿਕਸਤ ਹੋਣਾ ਸੀ ਪਰ ਕਾਂਗਰਸ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਨੇ ਆਪਣੇ ਨਿੱਜੀ ਹਿਤਾਂ ਲਈ ਪੰਜਾਬ ਨੰੂ ਇਸ ਕਦਰ ਪਿਛਾੜ ਦਿੱਤਾ ਕਿ ਲੋਕ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਲਈ ਵਿਦੇਸ਼ ਜਾਂ ਫਿਰ ਹੋਰਨਾਂ ਸੂਬਿਆਂ ਵਿੱਚ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਜਾਵੇਗੀ ਅਤੇ 2027 ਵਿੱਚ ਭਾਜਪਾ ਦੀ ਸਰਕਾਰ ਬਨਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਜਾਵੇਗਾ |