ਸੁਨਾਮ ਊਧਮ ਸਿੰਘ ਵਾਲਾ, 27 ਅਪ੍ਰੈਲ (ਭੁੱਲਰ, ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪੈੱ੍ਰਸ ਬਿਆਨ ਜ਼ਰੀਏ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਈ ਵਾਰ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਮੰਗ ਪੱਤਰਾਂ ਰਾਹੀਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਡੇਲੀਵੇਜ ਕਾਮੇ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰਦੇ ਆ ਰਹੇ ਹਨ | ਜਿਸ ਕਾਰਨ ਅੱਜ ਮਹਿੰਗਾਈ ਦੇ ਯੁੱਗ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਤਾ ਆਉਂਦਿਆਂ ਐਲਾਨ ਕੀਤਾ ਸੀ, ਕਿ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਇਸ ਤਰ੍ਹਾਂ ਵਾਧਾ ਕੀਤਾ ਜਾਵੇਗਾ ਕਿ ਹਰ ਰੋਜ਼ ਦੀ ਦਿਹਾੜੀ 500 ਰੁਪਏ ਹੋਵੇਗੀ ਪਰ ਅਜਿਹਾ ਹੁਣ ਤੱਕ ਨਹੀਂ ਹੋਇਆ |ਉਨ੍ਹਾਂ ਕਿਹਾ ਕਿ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵੱਲੋਂ 1 ਅਪ੍ਰੈਲ ਤੋਂ ਘੱਟੋ-ਘੱਟ ਉਜ਼ਰਤਾਂ ਅਨਸਕਿੱਲਡ ਵਰਕਰ ਦੀ ਕੈਟਾਗਰੀ 11200 ਰੁਪਏ ਵਿਚ 4000 ਰੁਪਏ ਦਾ ਛਿਮਾਹੀ ਵਿੱਚ ਵਾਧਾ ਕਰ ਕੇ 15200/ ਰੁਪਏ ਲਾਗੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਰਤ ਮੰਤਰੀ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਜਥੇਬੰਦੀ ਨੂੰ ਜਲਦ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਜਥੇਬੰਦੀ 3 ਮਈ ਨੂੰ ਹਲਕਾ ਖੰਨਾ ਵਿਖੇ ਝੰਡਾ ਮਾਰਚ ਕਰਨ ਧਰਨਾ ਦਿੱਤਾ ਜਾਵੇਗਾ |