ਭਵਾਨੀਗੜ੍ਹ, 27 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਟਰੱਕ ਯੂਨੀਅਨ ਵਿਚ ਪ੍ਰਧਾਨਗੀ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਪੁਲਿਸ 'ਤੇ ਪਥਰਾਅ ਕਰਨ ਵਾਲੇ ਹੁਣ ਤੱਕ 27 ਦੇ ਕਰੀਬ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਦੋਂ ਕਿ 30 ਵਿਅਕਤੀਆਂ ਦੇ ਬਾਏ ਨੇਮ ਅਤੇ 150 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ਼ ਹੋਇਆ ਹੈ, ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਬੜੀ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ | ਜਿਸ ਦੌਰਾਨ 30 ਤੋਂ ਇਲਾਵਾ 25 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ | ਪੁਲਿਸ ਵੱਲੋਂ ਟੀਮਾਂ ਬਣਾ ਕੇ ਪਥਰਾਅ ਕਰਨ ਵਾਲਿਆਂ ਵਿਚ ਸ਼ਾਮਿਲ ਵਿਅਕਤੀਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਾਫ਼ੀ ਗਿਣਤੀ ਵਿਚ ਵਿਅਕਤੀ ਘਰਾਂ ਵਿਚੋਂ ਰੂਪੋਸ਼ ਹੋ ਜਾਣ ਦੀ ਵੀ ਖ਼ਬਰ ਹੈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਸ਼ਾਮਿਲ 180 ਦੇ ਕਰੀਬ ਵਿਅਕਤੀਆਂ ਵਿਚੋਂ 27 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦੀ ਉਨ੍ਹਾਂ ਪੁਸ਼ਟੀ ਕੀਤੀ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸ਼ਾਹਿਲ ਸ਼ਰਮਾ ਪਿੰਡ ਕਾਕੜਾ, ਜਗਦੀਪ ਸਿੰਘ ਨਰੈਣਗੜ੍ਹ, ਅਵਤਾਰ ਸਿੰਘ ਤਾਰੀ ਭਵਾਨੀਗੜ੍ਹ, ਗੁਰਮੀਤ ਸਿੰਘ ਭਵਾਨੀਗੜ੍ਹ, ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਪਿੰਡ ਫੱਗੂਵਾਲਾ, ਲਖਵਿੰਦਰ ਸਿੰਘ ਲੱਖਾ ਪਿੰਡ ਫੱਗੂਵਾਲਾ, ਜਗਸੀਰ ਸਿੰਘ ਜੱਗਾ ਝਨੇੜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਰਣਜੀਤ ਸਿੰਘ ਕਾਕਾ ਤੂਰ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਪਿੰਡ ਬਾਲਦ ਕਲ੍ਹਾਂ, ਦੀਪ ਪੰਨਵਾਂ, ਜੱਗੀ ਨੰਦਗੜ੍ਹ, ਬਿੰਦਰ ਸਿੰਘ ਪਿੰਡ ਘਰਾਚੋਂ, ਗੁਰਜੰਟ ਸਿੰਘ ਭਵਾਨੀਗੜ੍ਹ, ਬਿੱਕਰ ਸਿੰਘ ਭਵਾਨੀਗੜ੍ਹ, ਤਰਸੇਮ ਸਿੰਘ ਨੰਦਗੜ੍ਹ, ਜਸਵਿੰਦਰ ਸਿੰਘ ਪਿੰਡ ਘਰਾਚੋਂ, ਗੁਰਸੰਤ ਸਿੰਘ ਕਾਕੜਾ, ਕਾਕਾ ਸਿੰਘ ਖਹਿਰਾ ਕਾਕੜਾ, ਸਿੱਪੀ ਬਾਜਵਾ ਭਵਾਨੀਗੜ੍ਹ, ਮਨਜੀਤ ਸਿੰਘ ਭਵਾਨੀਗੜ੍ਹ, ਹਰਵਿੰਦਰ ਸਿੰਘ ਭਵਾਨੀਗੜ੍ਹ, ਰਣਜੀਤ ਸਿੰਘ ਭਵਾਨੀਗੜ੍ਹ, ਮਨੀ ਕਾਕੜਾ, ਹੈਪੀ ਸ਼ਰਮਾ ਕਾਕੜਾ, ਹਰਦੀਪ ਸਿੰਘ ਭਵਾਨੀਗੜ੍ਹ, ਜਗਦੀਪ ਸਿੰਘ ਨਰੈਣਗੜ੍ਹ, ਲਵਦੀਪ ਸ਼ਰਮਾ ਲਵਲੀ ਕਾਕੜਾ, ਕਾਕਾ ਕਾਕੜਾ, ਹਨੀ ਭਵਾਨੀਗੜ੍ਹ ਤੋਂ ਇਲਾਵਾ 25 ਹੋਰ ਵਿਅਕਤੀਆਂ 'ਤੇ ਮਾਮਲਾ ਦਰਜ ਹੋਇਆ ਹੈ, ਜਿਨ੍ਹਾਂ ਦੇ ਨਾਮਾਂ ਦੀ ਪੁਸ਼ਟੀ ਨਹੀਂ ਹੋ ਸਕੀ | ਇੱਥੇ ਇਹ ਦੱਸਣਯੋਗ ਹੈ ਕਿ ਮਾਮਲੇ ਵਿਚ ਦਰਜ ਵਿਅਕਤੀਆਂ ਵਿਚੋਂ ਵੱਡੀ ਗਿਣਤੀ ਵਿਅਕਤੀ ਆਪ ਪਾਰਟੀ ਦੇ ਆਗੂ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਨੇੜਲੇ ਸਾਥੀ ਹਨ | ਇਹ ਵੀ ਦੱਸਣਯੋਗ ਹੈ ਕਿ ਅੱਜ ਤੀਜੇ ਦਿਨ ਵੀ ਟਰੱਕ ਯੂਨੀਅਨ ਵਿਖੇ ਭਾਰੀ ਗਿਣਤੀ ਵਿਚ ਪੁਲਿਸ ਮੌਜੂਦ ਰਹੀ |