ਧੂਰੀ, 27 ਅਪੈ੍ਰਲ (ਲਖਵੀਰ ਸਿੰਘ ਧਾਂਦਰਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ਨਾਜ਼ਰ ਸਿੰਘ, ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਧੂਰੀ ਦੀ ਨਵੀਂ ਅਨਾਜ ਮੰਡੀ ਵਿੱਚ 17 ਪਰਿਵਾਰਾਂ ਦੀ 14 ਬਿੱਘੇ 11 ਵਿਸਵੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਐਸ.ਡੀ.ਐਮ ਧੂਰੀ ਮੈਡਮ ਇਸਮਤ ਵਿਜੇ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ | ਕਿਸਾਨਾਂ ਨੇ ਮੰਗ ਕੀਤੀ ਕਿ ਇਸ ਜ਼ਮੀਨ ਨੂੰ ਨਵੇਂ ਭੂਮੀ ਪ੍ਰਾਪਤੀ ਕਾਨੂੰਨ ਤਹਿਤ ਦੁਬਾਰਾ ਅਕਵਾਇਰ ਕਰ ਕੇ ਬਣਦਾ ਬਜਾਰੀ ਮੁਆਵਜ਼ਾ ਦਿੱਤਾ ਜਾਵੇ | ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਉਕਤ ਜ਼ਮੀਨ ਨਾਲ ਸਬੰਧਤ 17 ਘਰਾਂ ਦੇ ਹਾਲਾਤ ਬੇਹੱਦ ਨਾਜ਼ੁਕ ਹਨ | ਕਈ ਪਰਿਵਾਰ ਇੰਨੇ ਗਰੀਬ ਹਨ ਕਿ ਉਨ੍ਹਾਂ ਕੋਲ ਇਸ ਜ਼ਮੀਨ ਤੋਂ ਬਿਨ੍ਹਾਂ ਹੋਰ ਕੋਈ ਸਹਾਰਾ ਨਹੀਂ ਹੈ | ਕੁੱਝ ਲੋਕਾਂ ਨੇ ਆਪਣੀ ਮਾਤਾ ਦੇ ਇਲਾਜ ਲਈ ਜ਼ਮੀਨ ਵੇਚ ਦਿੱਤੀ ਸੀ, ਪਰ ਇਲਾਜ ਦੇ ਬਾਵਜੂਦ ਉਹ ਨਾ ਬਚ ਸਕੇ ਅਤੇ ਹੁਣ ਪਰਿਵਾਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰ ਰਹੇ ਹਨ | ਜ਼ਮੀਨ ਮਾਲਕਾਂ ਦਾ ਕਹਿਣਾ ਹੈ ਕਿ ਉਹ 1978 ਤੋਂ ਕਾਨੂੰਨੀ ਲੜਾਈ ਲੜ ਰਹੇ ਹਨ ਅਤੇ ਹੁਣ ਵਕੀਲਾਂ ਦੀਆਂ ਫ਼ੀਸਾਂ ਦੇਣ ਤੋਂ ਵੀ ਅਸਮਰਥ ਹਨ | ਕਿਸਾਨਾਂ ਅਨੁਸਾਰ ਪੰਜਾਬ ਸਰਕਾਰ ਨੇ 1987 ਵਿੱਚ ਇਹ ਜ਼ਮੀਨ ਅਕਵਾਇਰ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਰੁੱਧ ਹਾਈਕੋਰਟ ਨੇ ਸਟੇਅ ਦਿੱਤਾ ਸੀ | ਸਾਲ 2013 ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਦੀ ਧਾਰਾ 24 (2) ਤਹਿਤ ਪੁਰਾਣਾ ਐਵਾਰਡ ਖ਼ਤਮ ਹੋ ਚੁੱਕਾ ਹੈ | ਕਿਸਾਨਾਂ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਅਧਿਕਾਰੀਆਂ ਨੇ 2015 ਵਿੱਚ ਪੁਲਿਸ ਫੋਰਸ ਦੀ ਮਦਦ ਨਾਲ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇੱਕ ਪਰਿਵਾਰਕ ਮੈਂਬਰ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਵੀ ਕਰ ਲਈ ਸੀ | ਕਿਸਾਨਾਂ ਨੇ ਦੱਸਿਆ ਕਿ ਅਨਾਜ ਮੰਡੀ ਦੇ ਪੱਕੇ ਫੜ੍ਹ ਦੇ ਵਿਚਕਾਰ ਉਨ੍ਹਾਂ ਦੀ ਜ਼ਮੀਨ ਦੇ 6 ਟੁਕੜੇ ਅਜੇ ਵੀ ਕੱਚੇ ਪਏ ਹਨ, ਜਿਸ ਕਾਰਨ ਨਾ ਸਰਕਾਰ ਨੂੰ ਲਾਭ ਹੋ ਰਿਹਾ ਹੈ ਅਤੇ ਨਾ ਹੀ ਕਿਸਾਨਾਂ ਨੂੰ | ਪੀੜਤਾਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਨਵੇਂ ਕਾਨੂੰਨ ਮੁਤਾਬਕ ਮੌਜੂਦਾ ਰੇਟ 'ਤੇ ਮੁਆਵਜ਼ਾ ਦੇਵੇ ਜਾਂ ਫਿਰ ਉਨ੍ਹਾਂ ਦੀ ਜ਼ਮੀਨ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ |