ਸੰਗਰੂਰ, 27 ਅਪ੍ਰੈਲ (ਦਮਨਜੀਤ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸੰਗਰੂਰ ਵੱਲੋਂ ਸ਼ਹਿਰ ਅੰਦਰ ਕੂੜਾ ਸੁੱਟਣ ਲਈ ਜਗ੍ਹਾ ਨਾ ਹੋਣ ਦੇ ਰੋਸ਼ ਵਜੋਂ ਹੜਤਾਲ ਸ਼ੁਰੂ ਕਰਦਿਆਂ ਦਫ਼ਤਰ ਨਗਰ ਕੌਂਸਲ ਵਿਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ | ਸਫ਼ਾਈ ਸੇਵਕਾਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ, ਅਜੈ ਕੁਮਾਰ, ਨਾਥਾ ਰਾਮ, ਊਸ਼ਾ ਰਾਣੀ, ਰਾਜੇਸ਼ ਕੁਮਾਰ, ਨਿਸ਼ਾ ਰਾਣੀ, ਸੁਰੇਸ਼ ਕੁਮਾਰ ਅਤੇ ਸਕੱਤਰ ਰਮੇਸ਼ ਕੁਮਾਰ ਨੇ ਦੱਸਿਆ ਕਿ ਸਫ਼ਾਈ ਸੇਵਕ ਯੂਨੀਅਨ ਵੱਲੋਂ 22 ਅਪ੍ਰੈਲ ਨੰੂ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਨੰੂ ਇੱਕ ਪੱਤਰ ਸੌਂਪ ਕੇ ਦੱਸਿਆ ਗਿਆ ਸੀ ਕਿ ਪਹਿਲਾਂ ਸ਼ਹਿਰ ਅੰਦਰ ਜੋ ਕੂੜਾ ਇਕੱਠਾ ਹੁੰਦਾ ਸੀ ਉਸ ਨੰੂ ਚਾਰੇ ਗੇਟਾਂ ਉੱਤੇ ਵੱਖ-ਵੱਖ ਜਗ੍ਹਾ ਢੇਰ ਲਗਾਇਆ ਜਾਂਦਾ ਸੀ ਪਰ ਹੁਣ ਛੋਟੇ ਡੰਪ ਬੰਦ ਕਰ ਦਿੱਤੇ ਗਏ ਹਨ ਅਤੇ ਕੂੜਾ ਸੁੱਟਣ ਲਈ ਸ਼ਹਿਰ ਅੰਦਰ ਕੋਈ ਢੁਕਵੀਂ ਜਗ੍ਹਾ ਨਹੀਂ ਹੈ ਜਿਸ ਕਾਰਨ ਸਫ਼ਾਈ ਸੇਵਕਾਂ ਨੰੂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਾਰਜ ਸਾਧਕ ਅਫ਼ਸਰ ਨੰੂ ਇਸ ਬਾਰੇ ਪਹਿਲਾਂ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਹੱਲ ਨਹੀਂ ਹੋ ਰਿਹਾ | ਆਗੂਆਂ ਨੇ ਕਿਹਾ ਕਿ 22 ਅਪ੍ਰੈਲ ਵਾਲੇ ਪੱਤਰ ਰਾਹੀ ਕਾਰਜ ਸਾਧਕ ਅਫ਼ਸਰ ਨੰੂ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜੇਕਰ 25 ਅਪ੍ਰੈਲ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਫ਼ਾਈ ਸੇਵਕਾਂ ਵੱਲੋਂ ਹੜਤਾਲ ਕਰ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ | ਧਰਨਾ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ |