ਦਿੜ੍ਹਬਾ ਮੰਡੀ, 1 ਮਈ (ਹਰਬੰਸ ਸਿੰਘ ਛਾਜਲੀ) - ਪੰਜਾਬ ਪੰਚਾਇਤੀ ਜਲ ਸਪਲਾਈ ਪੰਪ ਅਪਰੇਟਰ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸੂਬਾ ਪ੍ਰਧਾਨ ਬੇਅੰਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੇਂਡੂ ਪੰਚਾਇਤੀ ਪੰਪ ਅਪਰੇਟਰਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ | ਜਥੇਬੰਦੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਦੋ ਦਰਜਨ ਤੋ ਵੱਧ ਮੀਟਿੰਗਾਂ ਕੀਤੀਆਂ | ਪੰਜਾਬ ਸਰਕਾਰ ਨੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ | ਜਿਸ ਦੇ ਰੋਸ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਪ ਅਪਰੇਟਰਾਂ ਦੀਆ ਹੋ ਰਹੀਆਂ ਛਾਂਟੀਆਂ ਤੁਰੰਤ ਰੋਕੇ | ਹਟਾਏ ਗਏ ਪੰਖ ਅਪਰੇਟਰਾਂ ਬਿਨਾਂ ਸ਼ਰਤ ਬਹਾਲ ਕੀਤੇ ਜਾਣ | ਪੰਪ ਅਪਰੇਟਰਾਂ ਨੂੰ ਕਿਰਤ ਕਾਨੰੂਨ ਤਹਿਤ ਤਨਖ਼ਾਹਾਂ ਲਾਗੂ ਕਰਕੇ ਖਾਤਿਆਂ ਵਿਚ ਪਾਈ ਜਾਵੇ | ਗ੍ਰਾਮ ਪੰਚਾਇਤੀ ਪੰਪ ਅਪਰੇਟਰਾਂ ਦਾ ਘੱਟੋ-ਘੱਟ 20 ਲੱਖ ਤੱਕ ਬੀਮਾ ਕੀਤਾ ਜਾਵੇ | ਜੇਕਰ ਜਥੇਬੰਦੀ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਖ਼ਿਲਾਫ਼ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਅਵਤਾਰ ਸਿੰਘ, ਕੇਹਰ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |