ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਮੁਹਾਲੀ ਭਾਜਪਾ ਦੇ ਸਹਿ ਇੰਚਾਰਜ਼ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਆਪ ਸਰਕਾਰ ਭਾਜਪਾ ਵਿੱਚ ਗਏ ਛੇ ਰਾਜ ਸਭਾ ਮੈਂਬਰ ਜੋ ਪੰਜਾਬ ਨਾਲ ਸੰਬੰਧਤ ਹਨ, ਨੰੂ ਆਰਥਿਕ, ਮਾਨਸਿਕ ਤੌਰ ਉੱਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਜੋ ਟਰਾਈਡੈਂਟ ਦੇ ਮਾਲਕ ਵੀ ਹਨ ਅਤੇ ਦੁਰਗੇਸ਼ ਪਾਠਕ ਖ਼ਿਲਾਫ਼ ਰਾਜ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੰੂ ਹੀ ਦਰਸ਼ਾ ਰਹੀਆਂ ਹਨ | ਪੂਨੀਆ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਅਰਾਜਕਤਾ ਵਾਲੇ ਹਾਲਾਤ ਬਣ ਚੁੱਕੇ ਹਨ ਅਤੇ ਦਿੱਲੀ ਬੈਠੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਪੰਜਾਬ ਸਰਕਾਰ ਨੰੂ ਚਲਾ ਕੇ ਆਪਣੀ ਸਿਆਸੀ ਅਰਮਾਨਾਂ ਨੰੂ ਨੇਪਰੇ ਚਾੜ੍ਹ ਰਹੇ ਹਨ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉੱਪਰ ਸਿਆਸੀ ਹਮਲਾ ਬੋਲਦਿਆਂ ਪੂਨੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸ਼ਰਾਬ ਪੀ ਕੇ ਮੁੱਖ ਮੰਤਰੀ ਨੇ ਜੋ ਡਰਾਮਾ ਰਚਿਆ ਉਸ ਨੇ ਦੇਸ਼ ਵਿਦੇਸ਼ ਵਿੱਚ ਪੰਜਾਬ ਦੀ ਖਿੱਲੀ ਉਡਾਈ ਹੈ |