ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਸੁਨੀਲ ਗੋਇਲ ਡਿੰਪਲ, ਜ਼ਿਲ੍ਹਾ ਮੀਤ ਪ੍ਰਧਾਨ ਸੁਰੇਸ਼ ਬੇਦੀ ਨੇ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤਾ ਲਿਆ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦਾ ਆਪਣੇ ਵਿਧਾਇਕਾਂ ਉੱਪਰ ਭਰੋਸਾ ਹਿੱਲ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਸ ਸਰਕਾਰ ਕੋਲ ਭਾਰੀ ਬਹੁਮਤ ਹੈ ਉਸ ਨੂੰ ਵਿਸ਼ਵਾਸ ਮਤ ਪੇਸ਼ ਕਰਨ ਦੀ ਲੋੜ ਪੈ ਰਹੀ ਹੈ | ਇਸ ਮੌਕੇ ਮੌਜੂਦ ਨਿਰਭੈ ਸਿੰਘ ਛੰਨਾ, ਸਤਪਾਲ ਸਿੰਘ ਅਕੋਈ ਨੇ ਕਿਹਾ ਕਿ ਸਰਕਾਰ ਜਨਤਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਆਸੀ ਸਟੰਟ ਕਰ ਰਹੀ ਹੈ | ਪੰਜਾਬ ਦੇ ਲੋਕ ਬਿਜਲੀ, ਪਾਣੀ ਅਤੇ ਰੁਜ਼ਗਾਰ ਵਰਗੇ ਬੁਨਿਆਦੀ ਮੁੱਦਿਆਂ ਉੱਤੇ ਜਵਾਬ ਮੰਗ ਰਹੇ ਹਨ ਪਰ ਸਰਕਾਰ ਸਿਰਫ਼ ਕੁਰਸੀ ਬਚਾਉਣ ਵਿਚ ਹੀ ਮਸਰੂਫ਼ ਹੈ | ਉਨ੍ਹਾਂ ਕਿਹਾ ਕਿ ਜਦ ਕਿਸੇ ਪਰਿਵਾਰ ਦੇ ਮੁਖੀ ਨੂੰ ਆਪਣੇ ਮੈਂਬਰਾਂ ਉੱਤੇ ਹੀ ਭਰੋਸਾ ਨਾ ਰਹੇ ਤਾਂ ਉਹ ਪਰਿਵਾਰ ਜ਼ਿਆਦਾ ਸਮਾਂ ਇਕੱਠਾ ਨਹੀਂ ਰਹਿ ਸਕਦਾ ਹੈ | ਡਿੰਪਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ 1 ਮਈ ਦਾ ਦਿਨ ਆਪ ਸਰਕਾਰ ਦੀ ਫੁੱਟ ਅਤੇ ਬੇਵਸਾਹੀ ਵਜੋਂ ਦਰਜ ਹੋ ਗਿਆ ਹੈ |