ਸੰਗਰੂਰ, 4 ਮਈ (ਪਸ਼ੌਰੀਆ) - ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਦੀ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਿਦਾਇਤਾਂ ਕੀਤੀਆਂ ਕਿ ਸੜਕਾਂ 'ਤੇ ਘੁੰਮਦੇ ਗਊਧਨ ਨੂੰ ਹਰ ਹਾਲ ਜਲਦ ਤੋਂ ਜਲਦ ਗਊਸ਼ਾਲਾਵਾਂ ਵਿੱਚ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਨੇ ਹਦਾਇਤ ਦਿੱਤੀ ਕਿ 04 ਮਹੀਨੇ ਵਿੱਚ ਕੋਈ ਵੀ ਗਊਧਨ ਸੜਕ ਉੱਤੇ ਨਜ਼ਰ ਨਹੀਂ ਆਉਣਾ ਚਾਹੀਦਾ | ਉਪ ਚੇਅਰਮੈਨ ਸ਼੍ਰੀ ਕੀਮਤੀ ਭਗਤ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਝਨੇੜੀ ਦਾ ਦੌਰਾ ਕੀਤਾ ਗਿਆ ਸੀ ਅਤੇ ਉੱਥੇ ਗਊਧਨ ਦੇ ਦਾਖ਼ਲੇ ਸਬੰਧੀ ਦਰਪੇਸ਼ ਦਿੱਕਤਾਂ ਨੂੰ ਦੂਰ ਕਰਨ ਹਿਤ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ | ਇਸ ਦੇ ਨਾਲ-ਨਾਲ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਸ਼ਹਿਰਾਂ ਵਿਚੋਂ ਗਊਧਨ ਨੂੰ ਸਰਕਾਰੀ ਕੈਟਲ ਪੌਂਡ ਗਊਸ਼ਾਲਾ ਪਿੰਡ ਝਨੇੜੀ ਪੁੱਜਦਾ ਕਰਨ ਬਾਬਤ ਨਿਰਦੇਸ਼ ਦਿੱਤੇ ਗਏ ਸਨ | ਉਸ ਤੋਂ ਬਾਅਦ ਹੁਣ ਤਕ ਪਿੰਡ ਝਨੇੜੀ ਦੀ ਗਊਸ਼ਾਲਾ ਵਿੱਚ ਗਊਧਨ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤੇ ਗਿਣਤੀ 354 ਹੋ ਚੁੱਕੀ ਹੈ,ਪਰ ਹਾਲੇ ਵੀ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ | ਪੰਜਾਬ ਸਰਕਾਰ ਵੱਲੋਂ ਬੇਸਹਾਰਾ ਗਊਧਨ ਦੀ ਸਮੱਸਿਆ ਨੂੰ ਹੱਲ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਡੇਅਰੀ ਫਾਰਮਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ, ਜੋ ਸੜਕਾਂ 'ਤੇ ਪਸ਼ੂ ਛੱਡਦੇ ਹਨ | ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਗਊ ਸੇਵਾ ਕਮਿਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਦੇਖਭਾਲ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ |ਇਸ ਦੌਰਾਨ ਉਨ੍ਹਾਂ ਨੇ ਗਊਧਨ ਦੀ ਸੰਭਾਲ ਬਾਬਤ ਬਣੇ ਵੱਖ ਵੱਖ ਕਾਨੂੰਨਾਂ ਤੇ ਨਿਯਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਕਿਤਾਬਚਾ ਵੀ ਵੰਡਿਆ | ਉਨ੍ਹਾਂ ਕਿਹਾ ਕਿ ਗਊਧਨ ਦੀ ਸੰਭਾਲ ਸਬੰਧੀ ਅਤੇ ਗਊਧਨ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੇ ਕਾਰਜ ਸਬੰਧੀ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅੰਕੁਰ ਮਹਿੰਦਰੂ, ਐੱਸ.ਡੀ.ਐਮ. ਭਵਾਨੀਗੜ੍ਹ ਮਨਜੀਤ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੁਖਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |