ਮੁੱਦਕੀ, 4 ਮਈ (ਭਾਰਤ ਭੂਸ਼ਨ ਅਗਰਵਾਲ)-ਬੀਤੀ ਸ਼ਾਮ ਕਸਬਾ ਮੁੱਦਕੀ ਨਜ਼ਦੀਕ ਕੌਮੀ ਮਾਰਗ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ | ਮਿਲੀ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਵੇਂ ਨੌਜਵਾਨ ਫ਼ਰੀਦਕੋਟ ਤੋਂ ਮੁੱਦਕੀ ਨੂੰ ਆ ਰਹੇ ਸੀ ਕਿ ਰਾਧਾ ਸੁਆਮੀ ਸਤਿਸੰਗ ਘਰ ਨਜ਼ਦੀਕ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਟੱਕਰ ਏਨੀ ਜ਼ਬਰਦਸਤ ਸੀ ਕਿ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਦੌਰਾਨ ਕਾਰ ਸਵਾਰਾਂ ਦੇ ਵੀ ਸੱਟਾਂ ਲੱਗੀਆਂ | ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਲਈ ਭੇਜਿਆ ਗਿਆ | ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਗੁਰਸੇਵਕ ਸਿੰਘ ਉਰਫ਼ ਸੋਨਾ (35 ਸਾਲ) ਪੁੱਤਰ ਮੱਖਣ ਸਿੰਘ ਅਤੇ ਜਗਜੀਤ ਸਿੰਘ ਉਰਫ਼ ਸੋਨੀ (31 ਸਾਲ) ਪੁੱਤਰ ਮਲਕੀਤ ਸਿੰਘ ਵਾਸੀਆਨ ਪਿੰਡ ਲੋਹਾਮ ਥਾਣਾ ਘੱਲ ਖ਼ੁਰਦ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਗੁਰਸੇਵਕ ਸਿੰਘ ਸ਼ਾਦੀਸ਼ੁਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਉਕਤ ਦੋਵੇਂ ਨੌਜਵਾਨ ਏਅਰ ਕੰਡੀਸ਼ਨਰ ਮੁਰੰਮਤ ਦਾ ਕੰਮ ਕਰਦੇ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਘੱਲ ਖ਼ੁਰਦ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ |