ਅਹਿਮਦਗੜ੍ਹ, 4 ਮਈ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਦੇ ਜੰਡਾਲੀ ਰੋਡ 'ਤੇ ਸਥਿਤ ਸੌਂਦ ਸਿਨੇਮੇ ਅੰਦਰ ਲੱਗੀ ਅਚਾਨਕ ਅੱਗ ਕਾਰਨ ਇਲਾਕੇ ਵਿੱਚ ਹਾਹਾਕਾਰ ਮੱਚ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸਾਢੇ ਕੁ 3 ਵਜੇ ਜਦੋਂ ਸੌਂਦ ਸਿਨੇਮੇ ਦੇ ਅੰਦਰੋਂ ਉੱਚੀਆਂ ਉੱਚੀਆਂ ਧੂਏ ਦੀਆਂ ਲਪਟਾਂ ਮਾਰਨ ਲੱਗੀਆਂ ਤਾਂ ਨਾਲ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਭਗਦੜ ਮੱਚ ਗਈ | ਇਸ ਮੌਕੇ ਥਾਣਾ ਸਿਟੀ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਅਤੇ ਜਲਦ ਹੀ ਥਾਣਾ ਸਿਟੀ ਦੇ ਐਸਐਚਓ ਵੱਲੋਂ ਫਾਇਰ ਬਿ੍ਗੇਡ ਮਲੇਰਕੋਟਲਾ ਨੂੰ ਸੂਚਿਤ ਕੀਤਾ ਜਦਕਿ ਮੌਕੇ ਤੇ ਫਾਇਰ ਬਰਗੇਡ ਮਲੇਰਕੋਟਲਾ ਅਤੇ ਸੇਆਂਸ ਪੇਪਰ ਮਿਲ ਦੀ ਫਾਇਰ ਬਿ੍ਗੇਡ ਦੋਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ | ਥਾਣਾ ਸਿਟੀ ਐਸ ਐਚ ਓ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ | ਜਿਸ ਦਾ ਪਤਾ ਕਰਨ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਸਿਨੇਮਾ ਮਾਲਕਾਂ ਨੂੰ ਵੀ ਇਸ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਅੱਗ ਕਾਰਨ ਸਿਨੇਮੇ ਅੰਦਰ ਮਾਲੀ ਨੁਕਸਾਨ ਕਾਫੀ ਹੋਣ ਦਾ ਖ਼ਦਸ਼ਾ ਹੈ ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ |