ਮਲੇਰਕੋਟਲਾ, 6 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਜ਼ਿਲ੍ਹਾ ਮਲੇਰਕੋਟਲਾ ਨੂੰ ਸਿਹਤ ਖੇਤਰ ਵਿੱਚ ਨਵੀਂ ਪਹਿਚਾਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਕਰੀਬ 225 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਈ.ਐਸ.ਆਈ ਹਸਪਤਾਲ ਦੀ ਚਾਰਦੀਵਾਰੀ ਦੇ ਕੰਮ ਦੀ ਸ਼ੁਰੂਆਤ ਦਾ ਜਾਇਜ਼ਾ ਲਿਆ ਗਿਆ | ਇਸ ਪ੍ਰੋਜੈਕਟ ਨਾਲ ਮਲੇਰਕੋਟਲਾ ਨੂੰ Tਹੈਲਥ ਹੱਬU ਵਜੋਂ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਆਵੇਗੀ | ਵਿਧਾਇਕ ਨੇ ਦੱਸਿਆ ਕਿ ਹਸਪਤਾਲ ਲਈ ਡੀ.ਪੀ.ਆਰ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਮਹੱਤਵਕਾਂਸ਼ੀ ਯੋਜਨਾ ਲਈ 7.81 ਏਕੜ ਡਿਫੈਂਸ ਲੈਂਡ, ਜਿਸ ਦੀ ਕੀਮਤ ਲਗਭਗ 9 ਕਰੋੜ 60 ਲੱਖ ਰੁਪਏ ਹੈ, ਪਹਿਲਾਂ ਹੀ (ਈ.ਐਸ.ਆਈ.ਸੀ) ਨੂੰ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕਰੀਬ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ 750 ਮੀਟਰ ਲੰਬੀ ਚਾਰਦੀਵਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਹਿੰਦੁਸਤਾਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਦੇ ਹਜ਼ਾਰਾਂ ਬੀਮਿਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ | ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ, ਓ.ਪੀ.ਡੀ., ਇਨਡੋਰ ਵਾਰਡ, ਜੱਚਾ- ਬੱਚਾ ਸੰਭਾਲ ਕੇਂਦਰ, ਆਧੁਨਿਕ ਲੈਬਾਰਟਰੀਆਂ ਤੇ ਡਿਜ਼ਿਟਲ ਡਾਇਗਨੋਸਟਿਕ ਸਹੂਲਤਾਂ ਉਪਲਬਧ ਹੋਣਗੀਆਂ | ਇਸ ਤੋਂ ਇਲਾਵਾ ਤਜਰਬੇਕਾਰ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਵੱਲੋਂ 24 ਘੰਟੇ ਉੱਚ ਦਰਜੇ ਦੀ ਸਿਹਤ ਸੇਵਾ ਪ੍ਰਦਾਨ ਕੀਤੀ ਜਾਵੇਗੀ | ਵਿਧਾਇਕ ਨੇ ਆਖਿਆ ਕਿ ਹਸਪਤਾਲ ਦੇ ਸ਼ੁਰੂ ਹੋਣ ਨਾਲ ਮਲੇਰਕੋਟਲਾ ਤੇ ਨਜ਼ਦੀਕੀ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਮਿਆਰੀ ਤੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ | ਇਸ ਨਾਲ ਲੋਕਾਂ ਦਾ ਸਮਾਂ, ਪੈਸਾ ਦੋਵੇਂ ਬਚਣਗੇ ਤੇ ਨਿੱਜੀ ਹਸਪਤਾਲਾਂ 'ਤੇ ਨਿਰਭਰਤਾ ਘਟੇਗੀ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਹਸਪਤਾਲ ਨਹੀਂ, ਸਗੋਂ ਮਲੇਰਕੋਟਲਾ ਨੂੰ ਸਿਹਤ ਸੇਵਾਵਾਂ ਦੇ ਕੇਂਦਰ ਵਜੋਂ ਵਿਕਸਿਤ ਕਰਨ ਵੱਲ ਇੱਕ ਦਿ੍ੜ੍ਹ ਕਦਮ ਹੈ | ਇਹ ਸਰਕਾਰ ਦੀ ਲੋਕ- ਕੇਂਦਰਿਤ ਸੋਚ ਤੇ ਬਿਹਤਰ ਸਿਹਤ ਢਾਂਚੇ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ, ਜੋ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਸਮੂਹਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ | ਇਸ ਮੌਕੇ ਪੀ.ਏ. ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਸਕੂਰ ਕਿਲਾ, ਯਾਸਰ ਅਰਾਫਾਤ, ਯਾਸੀਨ ਨੇਸਤੀ ਆਦਿ ਹਾਜ਼ਰ ਸਨ |