ਲਹਿਰਾਗਾਗਾ, 6 ਮਈ (ਅਸ਼ੋਕ ਗਰਗ) - ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਅਤੇ ਡੀ.ਐਸ.ਪੀ (ਟਰੈਫਿਕ) ਤੇਜਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਬ-ਡਵੀਜਨ ਲਹਿਰਾਗਾਗਾ ਵਿਖੇ ਥਾਣੇਦਾਰ ਪਵਨ ਕੁਮਾਰ ਇੰਚਾਰਜ ਜ਼ਿਲ੍ਹਾ ਟਰੈਫਿਕ ਪੁਲਿਸ ਸੰਗਰੂਰ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਟਰੈਫ਼ਿਕ ਪੁਲਿਸ ਸੰਗਰੂਰ, ਸਹਾਇਕ ਥਾਣੇਦਾਰ ਰਾਮ ਪ੍ਰਤਾਪ ਅਤੇ ਬਾਲ ਸੁਰੱਖਿਆ ਦਫ਼ਤਰ ਵਲੋਂ ਰੁਪਿੰਦਰ ਸਿੰਘ, ਸਿਖਿਆ ਵਿਭਾਗ ਵਲੋਂ ਅਰੁਨ ਵਿਜੇ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਬੱਸਾਂ ਦਾ ਨਿਰੀਖਣ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਪਾਲਸੀ ਤਹਿਤ ਇੰਨ-ਬਿੰਨ ਪਾਲਨਾ ਕੀਤੀ ਜਾਵੇ, ਕਿਉਂਕਿ ਸਕੂਲੀ ਬੱਸਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਇਸ ਲਈ ਸਕੂਲ ਬੱਸਾਂ/ਵੈਨਾਂ ਵਿਚ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਫਸਟਏਡ ਬਾਕਸ, ਅੱਗ ਬੁਝਾਊ ਯੰਤਰ ਅਤੇ ਸੀ.ਸੀ.ਟੀ.ਵੀ ਕੈਮਰਾ, ਅਟੈਡਿੰਟ (ਲੇਡੀ/ਜੈਂਟਸ) ਆਦਿ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਬੀਮਾਂ, ਰਜਿਸਟਰੇਸ਼ਨ ਸਰਟੀਫਿਕੇਟ ਆਦਿ ਦਾ ਹੋਣਾ ਲਾਜ਼ਮੀ ਹੈ | ਉਨ੍ਹਾਂ ਸਪਸ਼ਟ ਕਿਹਾ ਹੈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਚੈਕਿੰਗ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਆਵਾਜਾਈ ਸੁਨਿਸ਼ਚਿਤ ਕਰਨਾ ਸੀ |ਚੈਕਿੰਗ ਦੌਰਾਨ ਵੱਖ-ਵੱਖ ਸਕੂਲ ਵਾਹਨਾਂ ਵਿਚ ਲਾਜ਼ਮੀ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਗਈ | ਜਾਂਚ ਸਮੇਂ ਕੁਝ ਵਾਹਨਾਂ ਵਿਚ ਨਿਰਧਾਰਿਤ ਮਾਪਦੰਡਾਂ ਦੀ ਉਲੰਘਣਾ ਪਾਈ ਗਈ, ਜਿਨ੍ਹਾਂ ਦੇ ਮੌਕੇ 'ਤੇ ਹੀ ਚਲਾਨ ਕੀਤੇ ਗਏ |