ਧੂਰੀ, 6 ਮਈ (ਧਾਂਦਰਾ) - ਮੁਲਾਜ਼ਮਾਂ ਨੂੰ ਤਨਖ਼ਾਹਾਂ ਲਈ ਤਰਸਾਉਣ ਤੋਂ ਬਾਅਦ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ ਵੀ ਪੈਨਸ਼ਨ ਲਈ ਪ੍ਰੇਸ਼ਾਨ ਕਰਨ 'ਤੇ ਉਤਾਰੂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਇੱਕ ਬਿਆਨ ਵਿੱਚ ਕੀਤਾ | ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਉਡੀਕ ਕਰ ਰਹੇ ਬਜ਼ੁਰਗ ਪੈਨਸ਼ਨਰ ਅੱਤ ਦੀ ਗਰਮੀ ਦੌਰਾਨ ਬੈਂਕਾਂ ਵਿੱਚ ਪ੍ਰੇਸ਼ਾਨ ਹੋ ਰਹੇ ਹਨ | ਬਹੁਤ ਮੁਸ਼ਕਲ ਨਾਲ ਬੈਂਕ ਵਿੱਚ ਪਹੁੰਚ ਕੇ ਪੈਨਸ਼ਨ ਦੀ ਪ੍ਰਾਪਤੀ ਦੀ ਆਸ, ਬੈਂਕ ਅਧਿਕਾਰੀਆਂ ਦੇ ਨਾਂਹ ਵਿੱਚ ਜਵਾਬ ਦੇਣ ਨਾਲ ਟੁੱਟ ਜਾਂਦੀ ਹੈ | ਇਸ ਉਪਰੰਤ ਬੁਝੇ ਮਨ ਨਾਲ ਬੇਬਸ ਪੈਨਸ਼ਨਰ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਘਰਾਂ ਨੂੰ ਖਾਲੀ ਹੱਥ ਪਰਤਦੇ ਹਨ | ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਨੇ ਵਿੱਤ ਮੰਤਰੀ ਦੇ ਇਸ ਬਿਆਨ ਕਿ ਪੰਜਾਬ ਸਰਕਾਰ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ ਨੂੰ ਆਕੜਿਆਂ ਦੀ ਖੇਡ ਕਿਹਾ | ਉਨ੍ਹਾਂ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਪੈਨਸ਼ਨ ਦੇ ਇਤਿਹਾਸ ਵਿੱਚ ਬਹੁਤ ਘੱਟ ਵਾਰ ਹੋਇਆ ਹੈ ਕਿ ਪੈਨਸ਼ਨ ਦੇਰ ਨਾਲ ਮਿਲੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੀ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਪੈਨਸ਼ਨ ਭੁਗਤਾਨ ਦੀ ਦੇਰੀ ਕਰ ਕੇ ਸਰਕਾਰ ਪੈਨਸ਼ਨਰਾਂ ਦਾ ਧਿਆਨ ਡੀ ਏ ਅਤੇ ਹੋਰ ਮੰਗਾਂ ਤੋਂ ਭਟਕਾਉਣਾ ਚਾਹੁੰਦੀ ਹੈ ਜੋ ਕਿ ਨਿੰਦਣਯੋਗ ਵਰਤਾਰਾ ਹੈ |