ਭਵਾਨੀਗੜ੍ਹ, 12 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਨਗਰ ਕੌਂਸਲ ਦੇ ਦਫ਼ਤਰ ਵਿਚੋਂ ਐਨ.ਓ.ਸੀ ਨਾ ਮਿਲਣ ਦੇ ਰੋਸ ਵਜੋਂ ਉਨ੍ਹਾਂ ਮੌਜੂਦਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਰੋਸ ਪਰਗਟ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਹਰਵਿੰਦਰ ਸਿੰਘ ਗੋਲਡੀ ਤੂਰ, ਸੁਖਜਿੰਦਰ ਸਿੰਘ ਰੀਟੂ, ਸੁਖਦਰਸ਼ਨ ਸਿੰਘ ਸਲਦੀ , ਕਾਂਗਰਸੀ ਆਗੂ ਸੰਜੀਵ ਲਾਲਕਾ ਸਾਰੇ ਸਾਬਕਾ ਕੌਂਸਲਰ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਵਿਚ ਨਾਮਜ਼ਦਗੀਆਂ ਭਰਨ ਦੀ ਤਾਰੀਖ਼ 13 ਮਈ ਹੋਣ ਕਾਰਨ ਉਹ ਅੱਜ ਨਗਰ ਕੌਂਸਲ ਦੇ ਦਫ਼ਤਰ ਵਿਖੇ ਐਨ.ਓ.ਸੀ ਲੈਣ ਗਏ ਸਨ, ਪਰ ਜਦੋਂ ਉਨ੍ਹਾਂ ਦਫ਼ਤਰ ਜਾ ਕੇ ਦੇਖਿਆ ਤਾਂ ਕੁਰਸੀਆਂ ਖ਼ਾਲੀ ਪਈਆਂ ਸਨ, ਉਨ੍ਹਾਂ ਦਫ਼ਤਰ ਵਿਚੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕੌਂਸਲ ਦੇ ਕੱਚੇ ਮੁਲਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ | ਗੋਲਡੀ ਤੂਰ ਨੇ ਕਿਹਾ ਕਿ ਜਦੋਂ ਚੋਣਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ਤਾਂ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਰ ਪੱਧਰ 'ਤੇ ਪ੍ਰਬੰਧ ਕਰਨੇ ਚਾਹੀਦੇ ਸਨ | ਪਰ ਪ੍ਰਸ਼ਾਸਨ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਆਪ ਦੇ ਆਗੂਆਂ ਨੂੰ ਕਥਿਤ ਤੌਰ 'ਤੇ ਕੌਂਸਲਰ ਬਣਾਉਣ ਲਈ ਇਹ ਚਾਲਾਂ ਚੱਲ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣ ਲੜਨ ਵਾਲੇ ਵਿਅਕਤੀਆਂ ਲਈ ਐਨ.ਓ.ਸੀ ਦੇਣ ਲਈ ਵਿਸ਼ੇਸ਼ ਕਰਮਚਾਰੀ ਰੱਖ ਕੇ ਉਨ੍ਹਾਂ ਨੂੰ ਐਨ.ਓ.ਸੀ ਦੇਣ ਦਾ ਪ੍ਰਬੰਧ ਕੀਤਾ ਜਾਵੇ, ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ | ਇਸ ਸਬੰਧੀ ਕਾਰਜ ਸਾਧਕ ਅਫ਼ਸਰ ਦੀਪਕ ਕੁਮਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮੁਲਾਜ਼ਮ ਧਰਨੇ 'ਤੇ ਬੈਠੇ ਹੋਣ ਕਾਰਨ, ਕੁੱਝ ਸਮੱਸਿਆ ਆਈ ਹੈ, ਪਰ ਜਿਸ ਨੇ ਵੀ ਐਨ.ਓ.ਸੀ ਲੈਣੀ ਹੈ, ਉਹ ਲਿਖਤੀ ਪੱਤਰ ਦੇ ਸਕਦਾ ਹੈ, ਉਨ੍ਹਾਂ ਨੂੰ ਸਰਟੀਫਿਕੇਟ ਦੇਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ |