ਸੰਦੌੜ, 12 ਮਈ (ਜਸਵੀਰ ਸਿੰਘ ਜੱਸੀ) - ਜ਼ਿਲ੍ਹਾ ਮਲੇਰਕੋਟਲਾ ਦੇ ਉੱਘੇ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਸ਼ਖ਼ਸੀਅਤ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ.ਐਸ. ਗਰੁੱਪ ਮਲੇਰਕੋਟਲਾ ਵਲੋਂ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਅਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ ਜਿਸ ਤਹਿਤ ਇੰਦਰਜੀਤ ਸਿੰਘ ਮੁੰਡੇ ਨੂੰ ਦੇਸ਼ਾਂ ਵਿਦੇਸ਼ਾਂ 'ਚ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ, ਉਸੇ ਲੜੀ ਤਹਿਤ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਚੰਡੀਗੜ੍ਹ ਦਫ਼ਤਰ ਵਿਖੇ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵਲੋਂ ਇੰਦਰਜੀਤ ਸਿੰਘ ਮੁੰਡੇ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੇ ਕਿਹਾ ਕਿ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਐਸ ਗਰੁੱਪ ਮਲੇਰਕੋਟਲਾ ਵਲੋਂ 85 ਸਾਲ ਦੀ ਉਮਰ 'ਚ ਵਾਤਾਵਰਨ ਦੀ ਸੰਭਾਲ ਲਈ ਨਿਭਾਈ ਜਾ ਰਹੀ ਸੇਵਾ ਕਾਬਲੇ ਤਾਰੀਫ਼ ਹੈ, ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਇਸੇ ਤਰ੍ਹਾਂ ਸਮਾਜ ਸੇਵਾ ਅਤੇ ਵਾਤਾਵਰਨ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਸ੍ਰੀ ਦੀਪਕ ਸਿੰਗਲਾ ਚੇਅਰਮੈਨ ਏ ਸੀ.ਸੀ.ਟੀ ਕੈਂਪਸ ਐਨ.ਜੀ.ਓ ਭਾਰਤ ਸਰਕਾਰ, ਮਨਜਿੰਦਰ ਸਿੰਘ ਕਲੇਰ ਕੋਰ ਕਮੇਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਗੁਰਪ੍ਰੀਤ ਸਿੰਘ ਹੈਰੀ ਮੁੱਲਾਂਪੁਰ ਆਦਿ ਹਾਜ਼ਰ ਸਨ |