ਲੌਂਗੋਵਾਲ, 22 ਮਈ (ਖੰਨਾ, ਵਿਨੋਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਦੂਜੇ ਦਿਨ ਫਿਰ ਲੌਂਗੋਵਾਲ ਵਿਚ ਚੋਣਾਂ ਦਾ ਪ੍ਰਚਾਰ ਕਰਨ ਲਈ ਆਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ ਜਵਾਬ ਪੁੱਛਣ ਲਈ ਸਵੇਰੇ ਹੀ ਇਕੱਠੇ ਹੋ ਗਏ ਸਨ | ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 4 ਪੱਤੀ ਵਡਿਆਣੀ ਵਿਖੇ ਅਮਨ ਅਰੋੜਾ ਵਲੋਂ ਚੋਣ ਜਲਸੇ ਨੂੰ ਸੰਬੋਧਨ ਕਰਨ ਦੀ ਭਿਣਕ ਕਿਸਾਨਾਂ ਨੂੰ ਪਈ ਤਾਂ ਕਿਸਾਨਾਂ ਵਲੋਂ ਜਥੇਦਾਰ ਉਦੇ ਸਿੰਘ ਦੇ ਘਰ ਦੇ ਕੋਲ ਅਮਨ ਅਰੋੜਾ ਦੇ ਸਾਹਮਣੇ ਆਪਣੀ ਸਟੇਜ ਚਾਲੂ ਕਰ ਦਿੱਤੀ ਜਿਥੇ ਭਾਰੀ ਗਿਣਤੀ 'ਚ ਪੁਲਿਸ ਤਾਇਨਾਤ ਸੀ | ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਸੋਨੀ ਨੇ ਸਪੀਕਰ ਰਾਹੀਂ ਅਮਨ ਅਰੋੜਾ ਨੂੰ ਸਵਾਲ ਪੁੱਛੇ ਅਤੇ ਕੁਝ ਕੁ ਮਿੰਟਾਂ ਦੇ 'ਚ ਹੀ ਅਮਨ ਅਰੋੜਾ ਉਥੋਂ ਨਿਕਲ ਗਏ | ਇਨ੍ਹਾਂ ਸ਼ਬਦਾਂ ਖ਼ੁਲਾਸਾ ਕੁਲਵਿੰਦਰ ਸਿੰਘ ਸੋਨੀ ਵਲੋਂ ਕੀਤਾ | ਕੁਲਵਿੰਦਰ ਸੋਨੀ ਨੇ ਕਿਹਾ ਕਿ ਲੋਕਾਂ ਦੇ ਵਿਚ ਵੋਟਾਂ ਲੈਣ ਲਈ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਲਾ 'ਆਪ' ਪ੍ਰਧਾਨ ਉਨ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇੰਨਾਂ ਡਰਿਆ ਹੋਇਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਪੁਲਿਸ ਦੀ ਸੁਰੱਖਿਆ ਹੇਠ ਨਿਕਲ ਜਾਂਦਾ ਹੈ | ਕਿਸਾਨਾਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਨਾਅਰੇ ਲਗਾਏ ਗਏ ਅਤੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਇਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਇਹਨਾਂ ਦੇ ਮੰਤਰੀਆਂ ਅਲ ਘਿਰਾਓ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਅਮਰ ਸਿੰਘ ਲੌਂਗੋਵਾਲ, ਸੁਖਦੇਵ ਸਿੰਘ, ਦਰਬਾਰਾ ਸਿੰਘ, ਬਲਜਿੰਦਰ ਸਿੰਘ, ਖੜਕ ਸਿੰਘ, ਰੂਪ ਸਿੰਘ ਆਦਿ ਹਾਜ਼ਰ ਸਨ |