21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜ਼ਿਲ੍ਹਾ ਮਲੇਰਕੋਟਲਾ ਦੇ ਕੁੱਲ 61 ਵਾਰਡਾਂ ਲਈ 'ਸਿਆਸੀ ਧਿਰਾਂ ਦੀ ਫ਼ੈਸਲਾਕੁੰਨ ਜੰਗ ਅੰਤਿਮ ਪੜਾਅ 'ਚ ਪਹੁੰਚੀ

Ad Position 21
No active advertisement
ਅਜੀਤ ਡੈਸਕ 25-05-2026
ਮਾਲੇਰਕੋਟਲਾ, 24 ਮਈ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਰਾਜਨੀਤਿਕ ਧਿਰਾਂ ਵਲੋਂ ਲੜੀ ਜਾ ਰਹੀ ਫੈਸਲਾਕੁੰਨ ਜੰਗ ਹੁਣ ਅੰਤਿਮ ਪੜਾਅ ਵਿਚ ਪਹੁੰਚ ਚੁੱਕੀ ਹੈ | ਜ਼ਿਲ੍ਹੇ ਭਰ ਦੇ 61 ਵਾਰਡਾਂ 'ਤੇ ਸਾਰੀਆਂ ਸਿਆਸੀ ਧਿਰਾਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਜੇਕਰ ਗੱਲ ਕਰੀਏ ਨਗਰ ਕੌਂਸਲ ਮਲੇਰਕੋਟਲਾ ਦੀ ਤਾਂ ਇੱਥੇ ਸਾਰੇ 33 ਵਾਰਡਾਂ ਅੰਦਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਤੇ ਬੀਬਾ ਫਰਿਆਲ ਰਹਿਮਾਨ ਵਲੋਂ ਆਪਣੀ ਟੀਮ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਮੰਜੂ ਹਰਕਿਰਨ ਕੌਰ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਵਲੋਂ ਵੀ 'ਆਪ' ਉਮੀਦਵਾਰਾਂ ਨੂੰ ਜਿਤਾਉਣ ਲਈ ਮੁਹਿੰਮ ਵਿੱਢੀ ਹੋਈ ਹੈ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਵੱਲੋਂ ਸ਼ਹਿਰ ਦੇ 33 ਵਾਰਡਾਂ ਦੇ ਅੰਦਰ ਆਪਣੇ ਉਮੀਦਵਾਰਾਂ ਦੀ ਜਿੱਤ ਖ਼ਾਤਰ ਫੈਸਲਾਕੁੰਨ ਲੜਾਈ ਲੜ ਕੇ ਚੋਣ ਪ੍ਰਚਾਰ ਨੂੰ ਸਿਖਰ 'ਤੇ ਪਹੁੰਚਾ ਦਿੱਤਾ ਹੈ | ਨਗਰ ਕੌਂਸਲ ਮਲੇਰਕੋਟਲਾ ਲਈ ਭਾਰਤੀ ਜਨਤਾ ਪਾਰਟੀ ਵਲੋਂ ਅਪਣੇ 17 ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰ ਕੇ ਮੁਕਾਬਲੇ ਨੂੰ ਦਿਲਚਸਪ ਬਣਾਉਂਦਿਆਂ ਅਗਲੀ ਰੂਪ-ਰੇਖਾ ਤੈਅ ਕੀਤੀ ਜਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਸਾਰੇ ਵਾਰਡਾਂ ਅੰਦਰ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ | ਹਲਕਾ ਅਮਰਗੜ੍ਹ ਵਿਚ ਪੈਂਦੇ ਮਲੇਰਕੋਟਲਾ ਸ਼ਹਿਰ ਦੇ 3 ਵਾਰਡਾਂ ਦੇ ਅੰਦਰ ਜੱਸੀ ਮੰਨਵੀਂ ਵਲੋਂ ਆਪਣੇ ਉਮੀਦਵਾਰ ਉਤਾਰ ਕੇ ਮੁਕਾਬਲੇ ਨੂੰ ਬੇਹੱਦ ਰੌਚਕ ਬਣਾ ਦਿੱਤਾ ਹੈ | ਨਗਰ ਕੌਂਸਲ ਅਹਿਮਦਗੜ੍ਹ ਦੇ 17 ਵਾਰਡਾਂ ਦੇ ਅੰਦਰ ਸਥਿਤੀ ਬੇਹੱਦ ਦਿਲਚਸਪ ਬਣ ਚੁੱਕੀ ਨਜ਼ਰ ਆਉਂਦੀ ਹੈ | ਜਿੱਥੇ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ 15 'ਆਪ' ਉਮੀਦਵਾਰ ਚੋਣ ਲੜ ਰਹੇ ਹਨ | ਵਿਧਾਇਕ ਪ੍ਰੋ. ਗੱਜਣਮਾਜਰਾ ਵੱਲੋਂ ਨਗਰ ਕੌਂਸਲ ਅਹਿਮਦਗੜ੍ਹ ਤੇ ਨਗਰ ਪੰਚਾਇਤ ਅਮਰਗੜ੍ਹ ਦੇ ਅੰਦਰ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ | ਉਥੇ ਹੀ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਅਹਿਮਦਗੜ੍ਹ ਲਈ 16 ਉਮੀਦਵਾਰ ਚੋਣ ਮੈਦਾਨ ਵਿਚ ਹਨ | ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਾਂਸਦ ਡਾਕਟਰ ਅਮਰ ਸਿੰਘ, ਗੁਰਜੋਤ ਸਿੰਘ ਢੀਂਡਸਾ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਬੀਬਾ ਅਮਨਦੀਪ ਕੌਰ ਖੰਗੂੜਾ ਤੇ ਸਮਿੱਤ ਸਿੰਘ ਮਾਨ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਵੱਲੋਂ ਨਗਰ ਕੌਂਸਲ ਅਹਿਮਦਗੜ੍ਹ ਲਈ 11 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਉਨ੍ਹਾਂ ਦੀ ਜਿੱਤ ਲਈ ਆਪਣੇ ਵਕਾਰ ਦਾ ਸਵਾਲ ਬਣਾ ਕੇ ਇਸ ਸਿਆਸੀ ਜੰਗ ਨੂੰ ਲੜਿਆ ਜਾ ਰਿਹਾ ਹੈ | ਭਾਜਪਾ ਵੱਲੋਂ ਵੀ ਅਹਿਮਦਗੜ੍ਹ ਦੇ 10 ਵਾਰਡਾਂ ਅੰਦਰ ਆਪਣੇ ਉਮੀਦਵਾਰ ਬਾਕੀ ਧਿਰਾਂ ਦੇ ਮੁਕਾਬਲੇ 'ਚ ਉਤਾਰੇ ਹਨ | ਨਗਰ ਕੌਂਸਲ ਅਹਿਮਦਗੜ੍ਹ ਲਈ 7 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸ ਤੋਂ ਇਲਾਵਾ ਨਗਰ ਪੰਚਾਇਤ ਅਮਰਗੜ੍ਹ ਦੇ ਲਈ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਵੱਲੋਂ ਆਪਣੇ 10-10 ਤੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ 6 ਤੇ ਬਹੁਜਨ ਸਮਾਜ ਪਾਰਟੀ ਨੇ 1 ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ | ਜਦਕਿ ਵੱਡੀ ਗਿਣਤੀ ਵਿਚ ਆਜ਼ਾਦ ਉਮੀਦਵਾਰਾਂ ਨੇ ਵੀ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ | ਅਮਰਗੜ੍ਹ ਦੇ ਅੰਦਰ ਅਕਾਲੀ ਆਗੂ ਜੱਸੀ ਮੰਨਵੀ ਵਲੋਂ ਧੰੂਆਂਧਾਰ ਪ੍ਰਚਾਰ ਰਾਹੀਂ ਮਾਹੌਲ ਨੂੰ ਆਪਣੇ ਹੱਕ ਵਿਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਵਿਕਾਸ ਦੇ ਨਾਅਰੇ ਹੇਠ ਨਵੀਂ ਰਣਨੀਤੀ ਰਾਹੀਂ ਚੋਣ ਮੈਦਾਨ ਨੂੰ ਸਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕੁੱਲ ਮਿਲਾ ਕੇ ਕਿਹੜੀ ਪਾਰਟੀ ਕਿੰਨੇ ਪਾਣੀ 'ਚ ਹੈ ਇਸ ਦਾ ਪਤਾ ਤਾਂ ਭਾਵੇਂ ਆਉਣ ਵਾਲੀ 29 ਮਈ ਨੂੰ ਲੱਗੇਗਾ |

Ad Position 22
No active advertisement
ਪਿਛਲੀ ਖ਼ਬਰ ਖੇਤਾਂ ਵਾਲੀ ਬਿਜਲੀ ਸਪਲਾਈ ਦੇ ਨਿਸ਼ਚਿਤ ਸਮੇਂ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਗੋਲਡੀ ਤੂਰ ਦੇ ਹੱਕ 'ਚ ਉਮੜਿਆ ਭਾਰੀ ਇਕੱਠ- ਅਰਵਿੰਦ ਖੰਨਾ <br/>
Ad Position 24