ਸੰਗਰੂਰ, 24 ਮਈ (ਧੀਰਜ ਪਸੋਰੀਆ) - ਇਯਰੋ ਕਿਡਜ਼ ਸੰਗਰੂਰ ਦੇ ਨੰਨੇ-ਮੁੰਨੇ ਬੱਚਿਆਂ ਨੇ ਜਨਗਣਨਾ ਦੀ ਮਹੱਤਤਾ ਨੂੰ ਬਹੁਤ ਹੀ ਵਿਲੱਖਣ ਅਤੇ ਪ੍ਰੇਰਣਾਦਾਇਕ ਢੰਗ ਨਾਲ ਪੇਸ਼ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ | ਸ਼ਹਿਰ ਦੇ ਸਿਟੀ ਪਾਰਕ ਵਿੱਚ ਕਰਵਾਈ ਗਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਦੌਰਾਨ ਬੱਚਿਆਂ ਨੇ ਰੰਗ-ਬਿਰੰਗੇ ਪੋਸਟਰਾਂ, ਆਕਰਸ਼ਕ ਸਲੋਗਨਾਂ ਅਤੇ ਰੈਲੀ ਰਾਹੀਂ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ Tਸਹੀ ਜਨਗਣਨਾ, ਦੇਸ਼ ਦੀ ਸਹੀ ਤਰੱਕੀ ਦੀ ਪਹਿਚਾਣ ਹੈ | ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਜਨਗਣਨਾ ਨਾਲ ਜੁੜੇ ਸੰਦੇਸ਼ਾਂ ਨਾਲ ਕੀਤੀ ਗਈ | ਬੱਚਿਆਂ ਨੇ 'ਹਰ ਵਿਅਕਤੀ ਦੀ ਗਿਣਤੀ ਜ਼ਰੂਰੀ', 'ਜਨਗਣਨਾ ਨਾਲ ਬਣਦਾ ਵਿਕਾਸ ਦਾ ਰਾਹ' ਅਤੇ 'ਸਹੀ ਜਾਣਕਾਰੀ, ਮਜ਼ਬੂਤ ਦੇਸ਼' ਵਰਗੇ ਸਲੋਗਨ ਬੋਲ ਕੇ ਸਭ ਨੂੰ ਪ੍ਰਭਾਵਿਤ ਕੀਤਾ | ਛੋਟੇ-ਛੋਟੇ ਬੱਚਿਆਂ ਦਾ ਉਤਸ਼ਾਹ ਅਤੇ ਆਤਮਵਿਸ਼ਵਾਸ ਦੇਖਣ ਯੋਗ ਸੀ | ਇਸ ਮੌਕੇ ਬੱਚਿਆਂ ਨੇ ਸਧਾਰਣ ਭਾਸ਼ਾ ਵਿੱਚ ਸਮਝਾਇਆ ਗਿਆ ਕਿ ਜਨਗਣਨਾ ਸਿਰਫ਼ ਲੋਕਾਂ ਦੀ ਗਿਣਤੀ ਨਹੀਂ ਹੁੰਦੀ, ਸਗੋਂ ਇਸ ਨਾਲ ਸਰਕਾਰ ਨੂੰ ਦੇਸ਼ ਦੀ ਆਬਾਦੀ, ਸਿੱਖਿਆ, ਸਿਹਤ, ਰੋਜ਼ਗਾਰ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਬਾਰੇ ਸਹੀ ਜਾਣਕਾਰੀ ਮਿਲਦੀ ਹੈ | ਇਸੇ ਆਧਾਰ 'ਤੇ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਹਰ ਵਿਅਕਤੀ ਤੱਕ ਸੁਵਿਧਾਵਾਂ ਪਹੁੰਚ ਸਕਣ | ਬੱਚਿਆਂ ਨੇ ਪੋਸਟਰ ਮੇਕਿੰਗ ਅਤੇ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਵੇ, ਸਾਰੇ ਨਾਗਰਿਕ ਪੂਰੀ ਇਮਾਨਦਾਰੀ ਅਤੇ ਸਹੀ ਜਾਣਕਾਰੀ ਨਾਲ ਇਸ ਵਿੱਚ ਸਹਿਯੋਗ ਕਰਨ | ਇਸ ਦੇ ਨਾਲ ਹੀ ਬੱਚਿਆਂ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਇਹ ਵੀ ਸੰਦੇਸ਼ ਦਿੱਤਾ ਕਿ ਜਨਗਣਨਾ ਦੇ ਨਾਮ 'ਤੇ ਕਿਸੇ ਅਣਜਾਣ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ, ਬੈਂਕ ਡੀਟੇਲ ਜਾਂ ਓਟੀਪੀ ਸਾਂਝੀ ਨਾ ਕੀਤੀ ਜਾਵੇ | ਬੱਚਿਆਂ ਨੇ ਦੱਸਿਆ ਕਿ ਕੋਈ ਵੀ ਅਧਿਕਾਰੀ ਫ਼ੋਨ 'ਤੇ ਓਟੀਪੀ ਜਾਂ ਬੈਂਕ ਸੰਬੰਧੀ ਜਾਣਕਾਰੀ ਨਹੀਂ ਮੰਗਦਾ, ਇਸ ਲਈ ਲੋਕਾਂ ਨੂੰ ਸਾਵਧਾਨ ਅਤੇ ਜਾਗਰੂਕ ਰਹਿਣ ਦੀ ਲੋੜ ਹੈ | ਇਸ ਮੌਕੇ ਤਰੁਣ ਗੋਯਲ, ਮਹਕ ਗੋਯਲ, ਤਮੰਨਾ, ਵੇਦ, ਸੋਨਾਲੀ, ਬਬੀਤਾ, ਨਵੀ, ਪਿੰਕੀ, ਰੇਣੂ, ਮੀਨਾ, ਅਜੈ ਅਤੇ ਰਾਜ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |