ਧੂਰੀ, 25 ਮਈ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਧੂਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਇੱਕ ਅਹਿਮ ਅਤੇ ਹੰਗਾਮੀ ਮੀਟਿੰਗ ਸਥਾਨਕ ਰਾਮ ਬਾਗ ਧੂਰੀ ਵਿਖੇ ਗੰਨਾ ਸਲਾਹਕਾਰ ਸੰਘਰਸ਼ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਕਹੇਰੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਸਾਂਝੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਹਾਜ਼ਰ ਕਿਸਾਨਾਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਬੰਦ ਪਈ ਮਿੱਲ ਨੂੰ ਤੁਰੰਤ ਪ੍ਰਭਾਵ ਨਾਲ ਮੁੜ ਚਾਲੂ ਕਰਨ ਦੀ ਜ਼ੋਰਦਾਰ ਮੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਖ਼ਾਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ | ਬੁਲਾਰਿਆਂ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਮੌਜੂਦਾ ਮੁੱਖ ਮੰਤਰੀ ਦੇ ਆਪਣੇ ਕਾਰਜਕਾਲ ਅਤੇ ਉਨ੍ਹਾਂ ਦੇ ਆਪਣੇ ਹਲਕੇ ਦੇ ਅਧੀਨ ਆਉਂਦੀ ਇਹ ਇਤਿਹਾਸਕ ਖੰਡ ਮਿੱਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਟੇਜਾਂ 'ਤੇ ਫ਼ਸਲੀ ਵਿਭਿੰਨਤਾ ਅਪਣਾਉਣ ਦੇ ਵੱਡੇ-ਵੱਡੇ ਭਾਸ਼ਣ ਦਿੱਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਗੰਨੇ ਵਰਗੀ ਰਵਾਇਤੀ ਅਤੇ ਲਾਹੇਵੰਦ ਫ਼ਸਲ ਦੇ ਪ੍ਰੋਸੈਸਿੰਗ ਯੂਨਿਟ ਬੰਦ ਕਰ ਕੇ ਸਰਕਾਰ ਖ਼ੁਦ ਫ਼ਸਲੀ ਵਿਭਿੰਨਤਾ ਦੇ ਰਾਹ ਵਿਚ ਸਭ ਤੋਂ ਵੱਡਾ ਰੋੜਾ ਬਣ ਰਹੀ ਹੈ | ਮੀਟਿੰਗ ਦੇ ਅਖੀਰ 'ਚ ਕਿਸਾਨ ਜਥੇਬੰਦੀਆਂ ਅਤੇ ਗੰਨਾ ਕਾਸ਼ਤਕਾਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਵੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਇੱਕ ਤਿੱਖਾ ਅਤੇ ਆਰ-ਪਾਰ ਦਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਤਿਆਰ ਕਰਨ, ਵੱਖ-ਵੱਖ ਪਿੰਡਾਂ ਵਿਚ ਲਾਮਬੰਦੀ ਕਰਨ ਅਤੇ ਤਿੱਖੇ ਐਕਸ਼ਨ ਉਲੀਕਣ ਲਈ ਆਉਂਦੀ 1 ਜੂਨ ਸੋਮਵਾਰ ਨੂੰ ਅਗਲੀ ਮੀਟਿੰਗ ਰਾਮ ਬਾਗ ਧੂਰੀ ਵਿਖੇ ਸਵੇਰੇ 9 ਵਜੇ ਸੱਦੀ ਗਈ ਹੈ | ਇਸ ਮੌਕੇ ਕੁਲਦੀਪ ਸਿੰਘ ਬੱਬਨਪੁਰ, ਕੇਵਲ ਸਿੰਘ ਈਸੀ, ਜਗਤਾਰ ਸਿੰਘ ਤਾਰੀ ਬੱਬਨਪੁਰ, ਰਣਜੋਧ ਸਿੰਘ, ਅਵਤਾਰ ਸਿੰਘ ਰਾਣੂ ਕਹੇਰੂ, ਕੁਲਦੀਪ ਸਿੰਘ ਭੋਜੋਵਾਲੀ, ਦਲਜੀਤ ਸਿੰਘ ਕਹੇਰੂ, ਲੱਖਾ ਸ਼ਾਹੀ ਕਹੇਰੂ, ਬਲਦੇਵ ਸਿੰਘ ਭੋਜੋਵਾਲੀ, ਮਾਲਿਵਿੰਦਰ ਸਿੰਘ ਭੋਜੋਵਾਲੀ, ਸਤਵੰਤ ਸਿੰਘ ਭੱਦਲਵੱਡ ਆਦਿ ਵੀ ਹਾਜ਼ਰ ਸਨ |