ਸ਼ੇਰਪੁਰ, 25 ਮਈ (ਮੇਘ ਰਾਜ ਜੋਸ਼ੀ) - ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਗਏ ਵਾਧੇ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਬਲਾਕ ਪ੍ਰਧਾਨ ਜਸਮੇਰ ਸਿੰਘ ਬੜੀ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫ਼ਰੰਟ ਦੇ ਸੂਬਾ ਆਗੂ ਚੌਧਰੀ ਬਹਾਦਰ ਸਿੰਘ ਗਰੇਵਾਲ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਆਗੂ ਸੰਦੀਪ ਸਿੰਘ ਗਰੇਵਾਲ, ਕਾਮਰੇਡ ਹਰਗੋਬਿੰਦ ਅਤੇ ਅਮਨਦੀਪ ਸਿੰਘ ਬਿਧੇਸਾ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਆਮ ਲੋਕਾਂ ਨੂੰ ਹੁਣ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ 25 ਮਈ ਤੋਂ ਪੈਟਰੋਲ ਦੀ ਕੀਮਤ ਵਿੱਚ 2.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ 102.12 ਰੁਪਏ ਅਤੇ ਡੀਜ਼ਲ ਦੀ ਕੀਮਤ 95.20 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ | ਆਗੂਆਂ ਨੇ ਕਿਹਾ ਕਿ ਇਸ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਲਗਾਤਾਰ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ | ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਵਾਜਾਈ ਖ਼ਰਚ ਵਿੱਚ ਵਾਧਾ ਹੋਵੇਗਾ, ਜਿਸ ਦਾ ਅਸਰ ਰੋਜ਼ਮਰਰਾ ਦੀਆਂ ਵਸਤੂਆਂ ਦੇ ਭਾਅ 'ਤੇ ਵੀ ਪਵੇਗਾ |