ਮੂਨਕ, 27 ਮਈ (ਵਰਿੰਦਰ ਭਾਰਦਵਾਜ) - ਵਿਆਹ ਪ੍ਰੋਗਰਾਮ ਵਿੱਚ ਖਾਣਾ ਖਾਣ ਨਾਲ ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦੇ ਗਿਣਤੀ ਦਾ ਅੰਕੜਾ 125 ਪਾਰ ਕਰਨ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਰਕਾਰੀ ਹਸਪਤਾਲ ਵਿੱਚ ਲੋੜੀਂਦੀਆਂ ਸੁਵਿਧਾਵਾਂ ਨਾ ਹੋਣ ਕਰਕੇ ਆਮ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਰੈਫ਼ਰ ਕੀਤਾ ਜਾ ਰਿਹਾ ਹੈ ਜੋ ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਲਿਆਉਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਥੇ ਵੱਡਾ ਫੇਲੀਅਰ ਸਾਬਤ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਸ੍ਰ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮੂਨਕ ਵਿਖੇ ਵਿਆਹ ਸਮਾਗਮ ਵਿੱਚ ਖਾਣਾ ਖਾਣ ਨਾਲ ਡਾਇਰੀਆ ਪੀੜਿਤ ਹੋਏ ਮਰੀਜ਼ਾਂ ਦਾ ਹਸਪਤਾਲ ਵਿੱਚ ਪਤਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ੍ਰ. ਢੀਂਡਸਾ ਨੇ ਕਿਹਾ ਕਿ ਸਬ ਡਿਵੀਜ਼ਨ ਪੱਧਰੀ 50 ਬੈਡਡ ਹਸਪਤਾਲ ਵਿਚ ਬੈਡਾਂ ਦੀ ਗਿਣਤੀ ਕਿਤੇ ਘੱਟ ਹੋਣਾ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਅਤੇ ਸਟਾਫ਼ ਤੋਂ ਇਲਾਵਾ ਸਾਫ਼ ਸਫ਼ਾਈ ਦਾ ਪ੍ਰੋਪਰ ਪ੍ਰਬੰਧ ਨਾ ਹੋਣਾ ਮਰੀਜ਼ਾਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ | ਵਿਆਹ ਸਮਾਗਮ ਦੌਰਾਨ ਘਟੀਆ ਸਮਾਨ ਵਰਤੇ ਜਾਣ ਜਾਂ ਸਮਾਨ ਵਿੱਚ ਕੁੱਝ ਮਿਕਸ ਹੋ ਜਾਣ ਨਾਲ ਫੈਲੇ ਡਾਇਰੀਆ ਦੀ ਸਿਹਤ ਵਿਭਾਗ ਵੱਲੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਮਿਲਾਵਟ ਖੋਰਾਂ ਖ਼ਿਲਾਫ਼ ਬਣਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ | ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਵੀ ਹਸਪਤਾਲ ਵਿਚ ਪ੍ਰੋਪਰ ਸਟਾਫ਼ ਦਾ ਨਾਂ ਹੋਣ ਕਰਕੇ ਪ੍ਰਾਈਵੇਟ ਨਰਸਿੰਗ ਕਾਲਜਾਂ ਦੇ ਬੱਚੇ ਮਰੀਜ਼ਾਂ ਦੀ ਦੇਖਭਾਲ ਅਤੇ ਇੰਜੈੱਕਸ਼ਨ ਵਗ਼ੈਰਾ ਲਗਾ ਰਹੇ ਹਨ | ਇਹ ਆਲੀਸ਼ਾਨ ਇਮਾਰਤ ਵੀ ਸਾਲ 2013 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਾਈ ਗਈ ਸੀ ਜਿਹੜੀ ਕਿ ਕੁੱਝ ਹੀ ਸਾਲਾਂ ਵਿੱਚ ਸਾਂਭ ਸੰਭਾਲ ਨਾ ਹੋਣ ਕਰਕੇ ਹੁਣ ਕੁੱਝ ਕਮਰਿਆਂ ਤੇ ਤਾਂ ਲਿਖਿਆ ਹੋਇਆ ਹੈ ਕਿ ਇਹ ਕਮਰੇ ਵਰਤੋਂ ਵਿੱਚ ਨਹੀਂ ਹਨ | ਹਸਪਤਾਲ ਵਿੱਚ ਬਣੀ ਜਨਤਕ ਟੋਇਲਟ ਨੂੰ ਤਾਲੇ ਲੱਗਿਆ ਹੋਇਆ ਹੈ ਅਤੇ ਵਾਰਡਾਂ ਵਿੱਚ ਬਣੀਆਂ ਟੋਇਲਟਾਂ ਦੀ ਹਾਲਤ ਵੀ ਸਾਫ਼ ਸਫ਼ਾਈ ਦੀ ਘਾਟ ਦੇ ਚੱਲਦੇ ਬਦ ਤੋਂ ਬਦਤਰ ਹੋਈ ਪਈ ਹੈ ਜਿਨ੍ਹਾਂ ਦੀ ਵਰਤੋਂ ਕਰਨਾ ਬਿਮਾਰੀ ਮੁੱਲ ਲੈਣ ਵਾਲੀ ਗੱਲ ਹੈ | ਘਟਨਾ ਵਾਪਰੀ ਨੂੰ ਦੂਜਾ ਦਿਨ ਬੀਤ ਗਿਆ ਪਰ ਹੁਣ ਤੱਕ ਕੂੜੇ ਦਾਨਾ ਦੀ ਸਫ਼ਾਈ ਨਹੀਂ ਕੀਤੀ ਗਈ | ਸ੍ਰ. ਢੀਂਡਸਾ ਨੇ ਕਿਹਾ ਕਿ 'ਆਪ' ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਹੈਲਥ ਸਿਸਟਮ ਦਾ ਸੁਧਾਰ ਕਰ ਰਹੇ ਹਾਂ ਪਰ ਮੈਂ ਸਮਝਦਾ ਇਹਨਾਂ ਦੇ ਰਾਜ ਵਿੱਚ ਹੈਲਥ ਸਿਸਟਮ ਸੁਧਰਨ ਦੀ ਬਜਾਏ ਹੋਣ ਹੋਰ ਮਾੜਾ ਹੋ ਗਿਆ ਹੈ | ਇਹ ਸਟਾਫ਼ ਦੀ ਪੋ੍ਰਵਾਈਡਰ ਨਹੀਂ ਕਰਵਾ ਸਕੇ ਇਹਨਾਂ ਮਰੀਜ਼ਾਂ ਨੂੰ ਨਰਸਿੰਗ ਕਾਲਜਾਂ ਦੇ ਪੜ੍ਹਾਈ ਕਰ ਰਹੇ ਬੱਚੇ ਜਿਨ੍ਹਾਂ ਨੇ ਹਾਲੇ ਪੜਾਈ ਪੂਰੀ ਨਹੀਂ ਕੀਤੀ ਉਹ ਇਨ੍ਹਾਂ ਮਰੀਜ਼ਾਂ ਦੇ ਗਲੂਕੋਜ਼ ਅਤੇ ਇੰਜੈੱਕਸ਼ਨ ਵਗ਼ੈਰਾ ਲਗਾ ਰਹੇ ਹਨ | ਇੱਥੇ ਉਨ੍ਹਾਂ ਕੋਲ ਸਾਧਾਰਨ ਮਰੀਜ਼ਾਂ ਨੂੰ ਹੈਂਡਲ ਕਰਨ ਦੀ ਸਮਰੱਥਾ ਨਹੀਂ ਜਿਹੜੇ ਮਰੀਜ਼ ਥੋੜੇ੍ਹ ਜਿਹੇ ਘੱਟ ਸੀਰੀਅਸ ਸੀ ਉਨ੍ਹਾਂ ਨੂੰ ਵੀ ਸੰਗਰੂਰ ਜਾਂ ਰੈਫ਼ਰ ਕਰ ਰਹੇ ਹਨ ਜਦਕਿ ਸੰਗਰੂਰ ਹਸਪਤਾਲ ਵਿਚ ਵੀ ਇਨ੍ਹਾਂ ਵਰਗਾ ਸਟਾਫ਼ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਮਨਵਿੰਦਰ ਸਿੰਘ ਮੰਡਵੀ, ਸਰਪੰਚ ਕਿ੍ਸ਼ਨ ਸਿੰਘ ਬੰਗਾ, ਬਲਕਾਰ ਸਿੰਘ ਬੰਗਾ, ਕੋਸ਼ਿਸ਼ ਅਰੋੜਾ, ਸਲੀਮ ਅਲੀ ਖਾਨ, ਮੋਹਿਤ ਗਰਗ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਕੁਲਦੀਪ ਸਿੰਘ, ਕੁਲਦੀਪ ਸਿੰਘ ਬੁੱਟਰ, ਪਰਮਜੀਤ ਸਿੰਘ ਕੜੈਲ, ਪੀਏ ਲਲਿਤ ਜੋਸ਼ੀ |