ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਅੱਜ ਇਕ ਮੰਗ ਪੱਤਰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਨਾਂਅ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਮਲੇਰਕੋਟਲਾ ਨੂੰ ਸੌਂਪਿਆ ਗਿਆ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਪਾਲ ਪੰਜਾਬ ਨੂੰ ਭੇਜੇ ਗਏ ਮੰਗ ਪੱਤਰ 'ਚ ਮੰਗ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ-2026 'ਚ ਸੋਧ ਕਰਾਉਣ ਸੰਬੰਧੀ, ਇਹ ਕਾਨੂੰਨ ਬਹੁਤ ਕਾਹਲੀ ਨਾਲ ਦੇਸ਼-ਵਿਦੇਸ਼ ਦੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਸਲਾਹ ਲਏ ਬਿਨਾਂ ਪਾਸ ਕੀਤਾ ਗਿਆ ਹੈ, ਜਿਸ ਕਾਰਨ ਇਸ ਵਿਚ ਭਾਰੀ ਤਰੁੱਟੀਆਂ ਹਨ ਅਤੇ ਇਹ ਵਿਵਾਦਿਤ ਬਣ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਬਣਦਾ ਰੋਲ ਨਹੀਂ ਨਿਭਾਇਆ | ਇਸ ਕਾਰਨ ਪੰਜਾਬ ਸਰਕਾਰ ਤੇ ਸਿੱਖ ਸੰਸਥਾਵਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ | ਇਹ ਸੰਵੇਦਨਸ਼ੀਲ ਮਾਮਲਾ ਹੈ | ਸਿੱਖ ਪੰਥ ਇਹ ਤਾਂ ਚਾਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ | ਪਰ ਇਸ ਕਾਨੂੰਨ ਨੇ ਸੇਵਾ ਸੰਭਾਲ ਕਰਨ ਵਾਲਿਆਂ ਨੂੰ ਹੀ ਦੋਸ਼ੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ | ਸਰਕਾਰ ਨੂੰ ਸਿੱਖ ਸੰਸਥਾਵਾਂ ਦੇ ਧਾਰਮਿਕ ਖੇਤਰ 'ਚ ਦਖ਼ਲ ਦੇਣ ਤੋਂ ਰੋਕਿਆ ਜਾਵੇ | ਕਾਂਗਰਸ ਦੇ ਦੌਰ ਅੰਦਰ ਜੂਨ 1984 ਦੇ ਘੱਲੂਘਾਰੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਾਰਤ ਸਰਕਾਰ ਉਸ ਸਾਕੇ ਲਈ ਪਾਰਲੀਮੈਂਟ 'ਚ ਮੁਆਫ਼ੀ ਮੰਗੇ ਅਤੇ ਇੰਦਰਾ ਗਾਂਧੀ ਨੂੰ ਉਸ ਕਾਂਡ ਦੀ ਮੁੱਖ ਜ਼ਿੰਮੇਵਾਰ ਦੋਸ਼ੀ ਕਰਾਰ ਦੇ ਕੇ ਉਸ ਤੋਂ 'ਭਾਰਤ ਰਤਨ' ਵਾਪਸ ਲਿਆ ਜਾਵੇ | ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਰੱਖਿਆ ਜਾਵੇ | ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ | ਪਰ 2015 ਵਿਚ ਹੋਈਆਂ ਬੇਅਦਬੀਆਂ ਨਾਲ ਵਲੂੰਧਰੇ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਸਰਕਾਰਾਂ ਨੇ ਅਜੇ ਤੱਕ ਇਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ | ਜਦੋਂਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਨਜ਼ਦੀਕੀ ਹਨੀਪ੍ਰੀਤ ਕੌਰ ਦਾ ਨਾਂਅ ਵੱਖ-ਵੱਖ ਜਾਂਚ ਰਿਪੋਰਟਾਂ ਵਿਚ ਜ਼ਾਹਿਰ ਹੋ ਚੁੱਕਿਆ ਹੈ | ਪਰ ਪੰਜਾਬ ਸਰਕਾਰ ਅਜੇ ਤੱਕ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਸੰਬੰਧੀ ਕੋਈ ਕਾਰਵਾਈ ਨਹੀਂ ਕਰ ਸਕੀ | ਜਦਕਿ ਮੌੜ ਬੰਬ ਧਮਾਕੇ ਵਿਚ ਵੀ ਉਨ੍ਹਾਂ ਦੀ ਭੂਮਿਕਾ ਸ਼ੱਕੀ ਹੈ, ਪੰਜਾਬ ਸਰਕਾਰ ਵਲੋਂ ਜਿਸ ਦੀ ਜਾਂਚ ਵੀ ਮੁਕੰਮਲ ਨਹੀਂ ਕੀਤੀ ਗਈ | ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਬੇਅਦਬੀਆਂ ਦੇ ਇਹਨਾਂ ਮੁਲਜ਼ਮਾਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਜਲਦੀ ਅਤੇ ਮਿਸਾਲੀ ਸਜਾਵਾਂ ਦਿੱਤੀਆਂ ਜਾਣ | ਇਸ ਮੌਕੇ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ, ਹਾਜੀ ਮੁਹੰਮਦ ਤੁਫੈਲ ਮਲਿਕ, ਐਡਵੋਕੇਟ ਜੁਲਫਕਾਰ ਅਲੀ ਮਲਿਕ, ਐਡਵੋਕੇਟ ਹਰਦੀਪ ਸਿੰਘ ਖੱਟੜਾ, ਅਮਰਿੰਦਰ ਸਿੰਘ ਮੰਡੀਆਂ, ਡਾਕਟਰ ਹਰਦੀਪ ਸਿੰਘ ਸਰਪੰਚ ਮੰਡੀਆਂ, ਸ਼ਫੀਕ ਚੌਹਾਨ, ਸੁਖਬੀਰ ਸਿੰਘ ਬਿੱਟੂ ਸਲੇਮਪੁਰ ਜ਼ਿਲ੍ਹਾ ਪਰਿਸ਼ਦ ਮੈਂਬਰ, ਦੀਪਕ ਕੌੜਾ, ਸਤਪਾਲ ਮੰਡੀਆਂ, ਮੁਹੰਮਦ ਜਮੀਲ ਸੇਵਾਮੁਕਤ ਕਾਨੂੰਗੋ, ਦਿਲਬਾਗ ਸਿੰਘ ਖੇੜੀ ਸੋਢੀਆਂ, ਨੰਬਰਦਾਰ ਲਖਵੀਰ ਸਿੰਘ ਮੰਡੀਆਂ, ਅਵਤਾਰ ਸਿੰਘ ਜੱਸਲ ਸਾਬਕਾ ਪ੍ਰਧਾਨ, ਚਮਕੌਰ ਸਿੰਘ ਸਰਪੰਚ, ਨਸੀਰ ਭੱਟੀ ਕਿਲ੍ਹਾ ਰਹਿਮਤਗੜ੍ਹ, ਕੁਲਦੀਪ ਸਿੰਘ ਨਾਰੀਕੇ, ਬਾਬਾ ਗੁਲਜਾਰ ਸਿੰਘ ਫੁਲਵਾੜੀ ਵਾਲੇ, ਸ਼ਾਮ ਲਾਲ ਮੰਡੀਆਂ, ਹਰਬੰਸ ਸਿੰਘ ਧੀਰੋਮਾਜਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਅਤੇ ਪਤਵੰਤੇ ਹਾਜ਼ਰ ਸਨ |