ਸੰਗਰੂਰ, 6 ਜੂਨ (ਅਮਨਦੀਪ ਸਿੰਘ ਬਿੱਟਾ) - ਪੰਜਾਬ ਦੇ ਦਰਿਆਈ ਪਾਣੀ ਰਿਪੇਰੀਅਨ ਸਿਧਾਂਤ ਮੁਤਾਬਕ ਪੰਜਾਬ ਨੂੰ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੀ ਮੈਂਬਰੀ ਬਹਾਲ ਕਰਨ ਅਤੇ ਮਲੇਰਕੋਟਲਾ, ਧੂਰੀ ਇਲਾਕੇ ਵਿੱਚ ਨਹਿਰੀ ਪਾਣੀ ਲੈਣ ਲਈ ਲੜੇ ਗਏ ਜੇਤੂ ਸੰਘਰਸ਼ 'ਤੇ ਚਰਚਾ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਸਤੂਆਣਾ ਸਾਹਿਬ ਵਿਖੇ ਇੱਕ ਵਿਸ਼ਾਲ ਕਨਵੈੱਨਸ਼ਨ ਕੀਤੀ ਗਈ | ਕਨਵੈੱਨਸ਼ਨ ਨੂੰ ਸੰਬੋਧਨ ਕਰਦਿਆਂ ਉੱਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ 1955 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦੀ ਵੰਡ ਸਬੰਧੀ ਕੇਂਦਰ ਸਰਕਾਰ ਦੇ ਦਬਾਅ ਅਧੀਨ ਗੈਰ ਸੰਵਿਧਾਨਿਕ ਸਮਝੌਤੇ ਹੋਏ ਹਨ ਅਤੇ ਗੈਰ ਸੰਵਿਧਾਨਕ ਤਰੀਕਿਆਂ ਨਾਲ ਪੰਜਾਬ ਦਾ ਪਾਣੀ ਲੁੱਟਿਆ ਗਿਆ ਹੈ | ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਕੇ ਪੰਜਾਬ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ | ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਸਮਾਜਿਕ ਕਾਰਕੁਨ ਰਾਜਵਿੰਦਰ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿੱਥੇ ਕੇਂਦਰ ਸਰਕਾਰ ਦਾ ਧੱਕਾ ਜ਼ਿੰਮੇਵਾਰ ਹੈ, ਉੱਥੇ ਵੱਖ-ਵੱਖ ਸਮੇਂ ਪੰਜਾਬ ਦੀ ਅਗਵਾਈ ਕਰ ਰਹੇ ਸਿਆਸੀ ਆਗੂਆਂ ਨੇ ਵੀ ਆਪਣੀ ਠੀਕ ਭੂਮਿਕਾ ਨਹੀਂ ਨਿਭਾਈ 1981 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਹੇਠ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਸਮਝੌਤੇ 'ਤੇ ਦਸਤਖ਼ਤ ਕਰਕੇ ਇੰਦਰਾ ਗਾਂਧੀ ਦੇ 1974 ਦੇ ਅਵਾਰਡ ਨੂੰ ਮੰਨ ਲੈਣਾ ਅਤੇ 1985 ਵਿਚ ਰਜੀਵ ਲੌਂਗੋਵਾਲ ਸਮਝੌਤੇ ਵਿੱਚ ਇਹ ਮੰਨ ਲੈਣਾ ਕਿ ਜਿੰਨਾ ਅੱਜ ਤੱਕ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਹੈ, ਉਹ ਠੀਕ ਹੈ ਤੇ ਐਸ.ਵਾਈ.ਐਲ. ਨਹਿਰ ਕੱਢਣ ਦੀ ਗੱਲ ਮੰਨ ਲੈਣਾ ਪੰਜਾਬ ਨਾਲ ਪਾਣੀਆਂ ਦੇ ਮਾਮਲੇ 'ਤੇ ਹੁੰਦੇ ਧੱਕੇ ਦਾ ਆਧਾਰ ਬਣੇ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੰਜਾਬ ਦੇ ਪਾਣੀ ਬਚਾਉਣ ਲਈ ਪੰਜਾਬ ਲਈ ਵਾਤਾਵਰਨ ਤੇ ਮਨੁੱਖ ਪੱਖੀ ਖੇਤੀ ਨੀਤੀ ਲਾਗੂ ਕਰਨ 'ਤੇ ਜ਼ੋਰ ਦਿੱਤਾ, ਜਿਸ ਵਿੱਚ ਸਥਾਨਕ ਵਾਤਾਵਰਨ ਅਨੁਸਾਰ ਸਥਾਨਕ ਫ਼ਸਲਾਂ ਜਿਨ੍ਹਾਂ ਵਿੱਚ ਦਾਲਾਂ, ਫਲਾਂ, ਸਬਜ਼ੀਆਂ ਦੀਆਂ ਫ਼ਸਲਾਂ ਨੂੰ ਸਰਕਾਰ ਪ੍ਰਮੋਟ ਕਰੇ ਅਤੇ ਖ਼ਰੀਦਣ ਦੀ ਗਰੰਟੀ ਕਰੇ ਇਸ ਨੀਤੀ ਤਹਿਤ ਪਾਣੀ ਬਚ ਸਕਦਾ ਹੈ | ਕਨਵੈੱਨਸ਼ਨ ਮਲੇਰਕੋਟਲਾ, ਧੂਰੀ ਇਲਾਕੇ ਦੇ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਲਈ ਪਾਣੀ ਪ੍ਰਾਪਤ ਕਰਨ ਲਈ ਲੜੇ ਗਏ ਜੇਤੂ ਘੋਲ ਦੇ ਆਗੂ ਜਰਨੈਲ ਸਿੰਘ ਜਹਾਂਗੀਰ ਕਿਰਤੀ ਕਿਸਾਨ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਧੰਨਾ ਸਿੰਘ ਭੱਟੀਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਕਨਵੈੱਨਸ਼ਨ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਰੁਪਿੰਦਰ ਸਿੰਘ ਚੌਂਦਾ, ਸੁਖਵਿੰਦਰ ਸਿੰਘ ਚੁੰਘਾਂ, ਮਾਨ ਸਿੰਘ ਸੱਦੋਪੁਰ, ਦਰਸ਼ਨ ਸਿੰਘ ਕੁੰਨਰਾਂ ਨੇ ਵੀ ਸੰਬੋਧਨ ਕਰਦਿਆਂ ਇਸ ਸੰਘਰਸ਼ ਨੂੰ ਮੰਗਾਉਣ ਦੇ ਲਈ ਅਗਸਤ ਮਹੀਨੇ ਵਿੱਚ ਸੰਗਰੂਰ ਮਲੇਰਕੋਟਲਾ ਜ਼ਿਲੇ੍ਹ ਦੇ 100 ਪਿੰਡਾਂ ਵਿੱਚ ਟਰੈਕਟਰ ਟਰਾਲੀ ਮਾਰਚ ਕਰਨ ਦਾ ਐਲਾਨ ਕੀਤਾ |