ਲੁਧਿਆਣਾ, 6 ਜੂਨ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ 77 ਸਾਲਾਂ ਬਜ਼ੁਰਗ ਦੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ | ਬਜ਼ੁਰਗ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਸੀ | ਇਸ ਸਰਜਰੀ ਸੰਬੰਧੀ ਡਾ. ਰਣਜੀਤ ਨੇ ਦੱਸਿਆ ਕਿ ਲੁਧਿਆਣਾ ਨਿਵਾਸੀ 77 ਸਾਲਾਂ ਬਜ਼ੁਰਗ ਬਲਦੇਵ ਸਿੰਘ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਇਆ ਤਾਂ ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਦੇ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਜਾਣਗੇ | ਉਕਤ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਉਪਰੰਤ ਬਲਦੇਵ ਸਿੰਘ ਦੇ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਸਫਲਤਾ ਪੂਰਵਕ ਬਦਲ ਦਿੱਤੇ ਗਏ | ਉਕਤ ਬਜ਼ੁਰਗ ਨੂੰ ਇਕ ਦਿਨ ਹਸਪਤਾਲ ਰੱਖਣ ਉਪਰੰਤ ਛੁੱਟੀ ਦੇ ਦਿੱਤੀ ਗਈ | ਹੁਣ ਉਕਤ ਬਜ਼ੁਰਗ ਆਮ ਵਾਂਗ ਤੁਰ ਫਿਰ ਸਕਦਾ ਹੈ ਅਤੇ ਰੋਜ਼ਾਨਾ ਦੇ ਕੰਮਕਾਰ ਬੜੇ ਆਰਾਮ ਨਾਲ ਕਰ ਰਿਹਾ ਹੈ | ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਬਲਦੇਵ ਸਿੰਘ ਸਰਜਰੀ ਕਰਵਾਉਣ ਤੋਂ 10 ਦਿਨ ਬਾਅਦ ਹੀ ਚੌਂਕੜੀ ਮਾਰ ਕੇ ਬੈਠਣ ਲੱਗਿਆ ਹੈ |